lifting payment crop machhiwara mandi: ਲੁਧਿਆਣਾ (ਤਰਸੇਮ ਭਾਰਦਵਾਜ)- ਜ਼ਿਲ੍ਹਾਂ ਖੁਰਾਕ ਅਫਸਰ ਹਰਵੀਨ ਕੌਰ ਵੱਲੋਂ ਮਾਛੀਵਾੜਾ ਅਨਾਜ ਮੰਡੀ ‘ਚ ਖਰੀਦ ਪ੍ਰਬੰਧ ਦਾ ਜਾਇਜ਼ਾ ਲਿਆ ਗਿਆ ਤੇ ਇਸ ਦੌਰਾਨ ਆੜ੍ਹਤੀਆਂ ਨਾਲ ਮੀਟਿੰਗ ਕਰ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ। ਜ਼ਿਲ੍ਹਾ ਅਫਸਰ ਵੱਲੋਂ ਦੱਸਿਆ ਗਿਆ ਕਿ ਖਰੀਦ ਏਜੰਸੀਆਂ ਵੱਲੋਂ ਕਿਸਾਨਾਂ ਦੀ ਸੁੱਕੀ ਝੋਨੇ ਦੀ ਫਸਲ ਖਰੀਦੀ ਜਾ ਰਹੀ ਹੈ ਅਤੇ ਸੋਮਵਾਰ ਨੂੰ ਮੰਡੀਆਂ ‘ਚ ਫਸਲ ਦੀ ਲਿਫਟਿੰਗ ਅਤੇ ਅਦਾਇਗੀ ਵੀ ਸ਼ੁਰੂ ਕਰ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਹੈ ਕਿ ਝੋਨੇ ਲਈ 70 ਫੀਸਦੀ ਬਾਰਦਾਨਾ ਸ਼ੈਲਰ ਮਾਲਕ ਉਪਲੱਬਧ ਕਰਵਾਉਣਗੇ ਅਤੇ 30 ਫੀਸਦੀ ਖਰੀਦ ਏਜੰਸੀਆਂ ਵੱਲੋਂ ਦਿੱਤਾ ਜਾਵੇਗਾ। ਇਸ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਮਾਰਕੀਟ ਕਮੇਟੀ ਦੇ ਉਪ ਚੇਅਰਮੈਨ ਅਤੇ ਆੜ੍ਹਤੀ ਸ਼ਕਤੀ ਆਨੰਦ ਦੀ ਅਗਵਾਈ ‘ਚ ਜ਼ਿਲ੍ਹਾਂ ਖੁਰਾਕ ਅਫਸਰ ਅੱਗੇ ਕੁਝ ਸਮੱਸਿਆਵਾਂ ਦੱਸੀਆਂ ਕਿ ਪਿਛਲੀ ਕਣਕ ਦੀ ਫਸਲ ਦੀ ਐੱਫ.ਸੀ.ਆਈ ਵੱਲੋਂ ਖਰੀਦੀ ਕਣਕ ਦਾ 2.50 ਫੀਸਦੀ ਬਕਾਇਆ ਰਹਿੰਦਾ ਹੈ ਤਾਂ ਤਰੁੰਤ ਜਾਰੀ ਕੀਤਾ ਜਾਵੇ। ਇਸ ਤੋਂ ਇਲਾਵਾ ਫਸਲ ਦੀ ਤੁਲਾਈ ਦੌਰਾਨ ਜੋ ਲੇਬਰ ਬਣਦੀ ਹੈ, ਉਹ ਕਿਸਾਨ ਦੇਣਗੇ ਜਾਂ ਸਰਕਾਰ ਉਸ ਬਾਰੇ ਵੀ ਸਪੱਸ਼ਟ ਦੱਸਣ।
ਆੜ੍ਹਤੀਆਂ ਨੇ ਇਹ ਵੀ ਦੱਸਿਆ ਹੈ ਕਿ ਕੋਰੋਨਾ ਮਹਾਮਾਰੀ ਦੌਰਾਨ ਮੰਡੀਆਂ ‘ਚ ਫਸਲ ਲਿਆਉਣ ਲਈ ਟੋਕਨ ਦੀ ਪ੍ਰਬੰਧ ਕੀਤਾ ਗਿਆ, ਜੋ ਕਿ ਇਸ ਵਾਰ ਝੋਨੇ ਦੀ ਫਸਲ ਲਈ ਲਾਗੂ ਹੋਵੇਗਾ ਜਾਂ ਨਹੀਂ। ਇਸ ਬਾਰੇ ਵੀ ਸਰਕਾਰ ਸਪੱਸ਼ਟ ਹਦਾਇਤਾਂ ਜਾਰੀ ਕਰੇ। ਇਸ ਮੌਕੇ ‘ਤੇ ਚੇਅਰਮੈਨ ਦਰਸ਼ਨ ਕੁਮਾਰ ਕੁੰਦਰਾ, ਆੜ੍ਹਤੀ ਐਸੋਸੀਏਸ਼ਨ ਦੇ ਨੇਤਾ ਤੇਜਿੰਦਰ ਸਿੰਘ ਕੂਨਰ, ਹਰਜਿੰਦਰ ਸਿੰਘ ਖੇੜਾ, ਗੁਰਨਾਮ ਸਿੰਘ ਨਾਗਰਾ, ਨਿਤਿਨ ਜੈਨ, ਵਿਨੀਤ ਜੈਨ, ਨੀਟਾ ਬਾਂਸਲ, ਸਕੱਤਰ ਹਰਪ੍ਰੀਤ ਕੌਰ, ਇੰਸਪੈਕਟਰ ਯਾਦਵਿੰਦਰ ਸਿੰਘ ਆਦਿ ਵੀ ਮੌਜੂਦ ਸੀ। ਦੱਸਣਯੋਗ ਹੈ ਕਿ ਮਾਛੀਵਾੜਾ ਅਨਾਜ ਮੰਡੀ ‘ਚ ਝੋਨੇ ਦੀ ਆਮਦ ਸ਼ੁਰੂ ਹੋ ਗਈ ਹੈ, ਜਿਸ ਦੇ ਤਹਿਤ ਬਾਹਰੀ ਸੂਬਿਆਂ ਤੋਂ ਕਾਫੀ ਮਜ਼ਦੂਰ ਵੀ ਕੰਮ ਕਰਨ ਦੇ ਲਈ ਆਏ ਹਨ। ਸਿਹਤ ਵਿਭਾਗ ਦੀ ਟੀਮ ਵੱਲੋਂ ਕੋਰੋਨਾ ਮਹਾਮਾਰੀ ਦੇ ਫੈਲਾਅ ਨੂੰ ਰੋਕਣ ਲਈ ਮਜ਼ਦੂਰਾਂ ਦੇ ਸੈਂਪਲ ਲਏ ਗਏ। ਟੀਮ ‘ਚ ਸ਼ਾਮਿਲ ਸੀ.ਐੱਚ. ਅਮਨਪ੍ਰੀਤ ਕੌਰ, ਜਸਪ੍ਰੀਤ ਕੌਰ ਅਤੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਮੰਡੀ ‘ਚ ਲਗਭਗ 80 ਮਜ਼ਦੂਰਾਂ ਦੇ ਰੈਪਿਡ ਟੈਸਟ ਕੀਤੇ ਗਏ ਜੋ ਕਿ ਸਾਰੇ ਨੈਗੇਟਿਵ ਆਏ। ਉਨ੍ਹਾਂ ਨੇ ਕਿਹਾ ਹੈ ਕਿ ਇਲਾਕਿਆਂ ‘ਚ ਟੀਮਾਂ ਵੱਲੋਂ ਵੱਖ-ਵੱਖ ਸਥਾਨਾਂ ‘ਤੇ ਕੈਂਪ ਲਗਾ ਕੇ ਕੋਰੋਨਾ ਟੈਸਟ ਕਰਨ ਦੀ ਮੁਹਿੰਮ ਜਾਰੀ ਰਹੇਗੀ।