Maharashtra Ldh doctor corona: ਲੁਧਿਆਣਾ (ਤਰਸੇਮ ਭਾਰਦਵਾਜ)-ਖਤਰਨਾਕ ਕੋਰੋਨਾ ਵਾਇਰਸ ਨੇ ਪੰਜਾਬ ‘ਚ ਕਾਫੀ ਘਾਤਕ ਰੂਪ ਧਾਰਨ ਕੀਤਾ ਸੀ, ਜਿਸ ਦੇ ਚੱਲਦਿਆਂ ਇੱਥੇ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਦੇ ਨਾਲ-ਨਾਲ ਕਈ ਹੋਰ ਲੋਕਾਂ ਵੱਲੋਂ ਕੋਰੋਨਾ ਖਿਲਾਫ ਜੰਗ ਵਿੱਢੀ ਗਈ ਸੀ। ਇਸ ਜੰਗ ‘ਚ ਲੁਧਿਆਣਾ ਦੇ ਇਕ ਡਾਕਟਰ ਨੇ ਵੀ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਸੀ, ਜਿਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਇੰਨਾ ਹੀ ਨਹੀਂ ਹੁਣ ਇਸ ਉਪਰਾਲੇ ਨੂੰ ਮਹਾਰਾਸ਼ਟਰ ਸਰਕਾਰ ਵੱਲੋਂ ਭਰਵਾ ਹੁੰਗਾਰਾ ਮਿਲਿਆ ਹੈ ਤੇ ਉਨ੍ਹਾਂ ਵੱਲੋਂ ਇਸ ਮੁਹਿੰਮ ਨੂੰ 15 ਸਤੰਬਰ ਤੋਂ ਅਪਣਾ ਲਿਆ ਗਿਆ ਹੈ।
ਦਰਅਸਲ ਲੁਧਿਆਣਾ ਜ਼ਿਲ੍ਹੇ ਦੇ ਪ੍ਰਸਿੱਧ ਦਿਮਾਗ਼ ਤੇ ਰੀੜ੍ਹ ਦੀ ਹੱਡੀ ਦੇ ਮਾਹਿਰ ਡਾਕਟਰ ਦਿਪੇਸ਼ ਬੱਤਰਾ ਵਲੋਂ ਮਈ ਮਹੀਨੇ ਦੌਰਾਨ ਆਪਣੀ ‘ਲੋਕ ਜਾਗਰੂਕਤਾ ਫਾਊਂਡੇਸ਼ਨ’ ਦੀ ਟੀਮ ਨਾਲ ਪੰਜਾਬ ਦੇ ਪਿੰਡਾਂ ਅੰਦਰ ਇਸ ਭਿਆਨਕ ਬਿਮਾਰੀ ਤੋਂ ਬਚਾਅ ਤੇ ਇਸ ਦੇ ਇਲਾਜ ਪ੍ਰਤੀ ਜਾਗਰੂਕ ਕਰਨ ਲਈ ਮੁਹਿੰਮ ਸ਼ੁਰੂ ਕੀਤੀ ਗਈ ਸੀ। ਇਸ ਭਿਆਨਕ ਦੌਰ ਸਮੇਂ ਪਿੰਡਾਂ ਦੇ ਲੋਕ ਹਸਪਤਾਲਾਂ ‘ਚ ਜਾਣ ਤੋਂ ਅਸਮਰਥ ਸਨ, ਜਿਨ੍ਹਾਂ ਲਈ ਇਹ ਮੁਹਿੰਮ ਬਹੁਤ ਲਾਹੇਵੰਦ ਸਾਬਤ ਹੋਈ ਸੀ। ‘ਮੇਰਾ ਪਰਿਵਾਰ ਮੇਰੀ ਜ਼ਿੰਮੇਵਾਰੀ’ ਨਾਂ ਨਾਲ ਸ਼ੁਰੂ ਹੋਈ ਇਹ ਮੁਹਿੰਮ ਹੁਣ ਕਾਰਗਰ ਸਾਬਤ ਹੁੰਦੀ ਦੇਖ 15 ਸਤੰਬਰ ਨੂੰ ਮਹਾਰਾਸ਼ਟਰ ਸਰਕਾਰ ਵਲੋਂ ਅਪਣਾ ਲਿਆ ਗਿਆ ਹੈ, ਜਿੱਥੇ ਪੇਂਡੂ ਖੇਤਰਾਂ ‘ਚ ਇਹ ਮੁਹਿੰਮ ਜ਼ੋਰਾਂ ਨਾਲ ਸ਼ੁਰੂ ਕਰ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਯੋਗ ਹੈ ਕਿ ਅਹਿਮਦਗੜ੍ਹ ਦੇ ਜੰਮਪਲ ਡਾ. ਦਿਪੇਸ਼ ਬੱਤਰਾ ਦੀ ਇਸ ਸ਼ਾਨਦਾਰ ਪ੍ਰਾਪਤੀ ਤੇ ਲੋਕ ਸੇਵਾ ਸਦਕਾ ਸ਼ਹਿਰ ਦੀਆਂ ਸਮੂਹ ਸੰਸਥਾਵਾਂ ਵਲੋਂ ਲੋਕ ਜਾਗਰੂਕਤਾ ਟੀਮ ਤੇ ਵਿਸ਼ੇਸ਼ ਕਰ ਕੇ ਡਾ. ਬੱਤਰਾ ਦਾ ਸਨਮਾਨ ਕੀਤਾ ਜਾਵੇਗਾ।