Corona Ludhiana deaths continue: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਭਾਵੇਂ ਕੋਰੋਨਾ ਪੀੜਤ ਮਾਮਲਿਆਂ ਦੀ ਗਿਣਤੀ ਕੁਝ ਰੁਕੀ ਆ ਪਰ ਮੌਤਾਂ ਦਾ ਸਿਲਸਿਲਾ ਬਰਕਰਾਰ ਹੈ, ਇਸ ਦਾ ਮਤਲਬ ਕਿ ਹੁਣ ਵੀ ਹਰ ਰੋਜ਼ 200 ਤੋਂ ਘੱਟ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋ ਰਹੀ ਹੈ ਪਰ ਹਰ ਰੋਜ਼ 15 ਪੀੜਤ ਮਰੀਜ਼ ਦਮ ਤੋੜ ਰਹੇ ਹਨ। ਬੀਤੇ ਦਿਨ ਭਾਵ ਐਤਵਾਰ ਨੂੰ ਵੀ ਜ਼ਿਲ੍ਹੇ ‘ਚ 190 ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਹੋਈ, ਜਿਨ੍ਹਾਂ ‘ਚੋਂ 161 ਲੁਧਿਆਣਾ ਦੇ ਅਤੇ 29 ਹੋਰ ਜ਼ਿਲ੍ਹਿਆਂ ਨਾਲ ਸਬੰਧਿਤ ਹਨ। ਇਸ ਦੇ ਨਾਲ ਹੀ 11 ਮਰੀਜ਼ਾਂ ਨੇ ਦਮ ਤੋੜਿਆ ਜਿਨ੍ਹਾਂ ‘ਚੋਂ 10 ਲੁਧਿਆਣਾ ਦੇ 1 ਸੰਗਰੂਰ ਜ਼ਿਲ੍ਹੇ ਨਾਲ ਸਬੰਧਿਤ ਰਿਹਾ। ਜ਼ਿਲ੍ਹੇ ਭਰ ‘ਚ ਹੁਣ ਤੱਕ ਪਾਜ਼ੀਟਿਵ ਮਾਮਲਿਆਂ ‘ਚੋਂ 4.59 ਫੀਸਦੀ ਮਰੀਜ਼ ਸਰਗਰਮ ਹਨ।
ਦੱਸਣਯੋਗ ਹੈ ਕਿ ਹੁਣ ਤੱਕ ਜ਼ਿਲ੍ਹੇ ‘ਚ 18494 ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ‘ਚ 772 ਮਰੀਜ਼ ਦਮ ਤੋੜ ਚੁੱਕੇ ਹਨ। ਹੁਣ ਜ਼ਿਲ੍ਹੇ ‘ਚ 849 ਸਰਗਰਮ ਮਾਮਲੇ ਹਨ, ਜੋ ਹੋਮ ਆਈਸੋਲੇਸ਼ਨ ਜਾਂ ਹਸਪਤਾਲ ‘ਚ ਭਰਤੀ ਹਨ। ਇਸ ਦੇ ਨਾਲ ਹੀ ਦੂਜੇ ਜ਼ਿਲ੍ਹਿਆਂ ਦੇ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 2345 ਤੱਕ ਪਹੁੰਚ ਚੁੱਕੀ ਹੈ।
ਰਾਹਤ ਭਰੀ ਖਬਰ ਇਹ ਸਾਹਮਣੇ ਆਈ ਹੈ ਕਿ ਲੁਧਿਆਣਾ ‘ਚ ਹੁਣ ਤੱਕ 91.23 ਫੀਸਦੀ ਭਾਵ 16872 ਮਰੀਜ਼ ਕੋਰੋਨਾ ਨੂੰ ਮਾਤ ਦੇ ਸਿਹਤਯਾਬ ਹੋ ਚੁੱਕੇ ਹਨ, ਜਿਸ ਨਾਲ ਲੁਧਿਆਣਾ ਸੂਬੇ ‘ਚ ਅਵੱਲ ਸਥਾਨ ‘ਤੇ ਹੈ। ਜ਼ਿਲ੍ਹੇ ਭਰ ‘ਚੋਂ ਹੁਣ ਤੱਕ 2,94,230 ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ ‘ਚੋਂ 2,92,276 ਸੈਂਪਲਾਂ ਦੀ ਰਿਪੋਰਟ ਮਿਲ ਚੁੱਕੀ ਹੈ, ਇਨ੍ਹਾਂ ‘ਚੋਂ 2,71,437 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ।