navneet dhand veterinary medicine australia: ਲੁਧਿਆਣਾ (ਤਰਸੇਮ ਭਾਰਦਵਾਜ)- ਪੰਜਾਬੀ ਜਿੱਥੇ ਵੀ ਜਾਂਦੇ ਨੇ ਹਮੇਸ਼ਾ ਆਪਣੀ ਜਿੱਤ ਦੇ ਝੰਡੇ ਗੱਡਦੇ ਨੇ, ਜੀ ਹਾਂ ਅਜਿਹੀ ਹੀ ਇਕ ਜਿੱਤ ਦਾ ਝੰਡਾ ਹੁਣ ਲੁਧਿਆਣਾ ਦੇ ਰਹਿਣ ਵਾਲੇ ਇਕ ਪੰਜਾਬੀ ਨੇ ਵਿਦੇਸ਼ ਦੀ ਧਰਤੀ ‘ਤੇ ਗੱਡਿਆ, ਜਿਸ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਜਾਣਕਾਰੀ ਮੁਤਾਬਕ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਵੈਟਨਰੀ ਸਾਇੰਸ ਕਾਲਜ ਤੋਂ ਪੜ੍ਹੇ ਵਿਦਿਆਰਥੀ ਡਾ. ਨਵਨੀਤ ਢੰਡ ਨੂੰ ਵੈਟਨਰੀ ਮੈਡੀਸਨ ਦੇ ਖੇਤਰ ‘ਚ ਖੋਜ ਸੰਬੰਧੀ ਮੋਹਰੀ ਥਾਪਿਆ ਗਿਆ ਹੈ।
ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਇੰਦਰਜੀਤ ਸਿੰਘ ਨੇ ਕਿਹਾ ਹੈ ਕਿ ਇਹ ਸਾਡੇ ਵਾਸਤੇ ਬਹੁਤ ਮਾਣ ਅਤੇ ਸੰਤੁਸ਼ਟੀ ਦੀ ਗੱਲ ਹੈ ਕਿ ਸਾਡੇ ਪੁਰਾਣੇ ਵਿਦਿਆਰਥੀ ਨੂੰ ਆਸਟ੍ਰੇਲੀਆ ‘ਚ ਬਤੌਰ ਵੈਟਨਰੀ ਵਿਗਿਆਨੀ ਉੱਘਾ ਸਨਮਾਨ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਸਾਡੀ ਯੂਨੀਵਰਸਿਟੀ ਨੇ ਵਿਸ਼ਵ ਪੱਧਰ ‘ਤੇ ਕਈ ਨਾਮੀ ਵਿਗਿਆਨੀ ਦਿੱਤੇ ਹਨ ਜੋ ਕਿ ਬਹੁਤ ਅਹਿਮ ਅਹੁਦਿਆਂ ਅਤੇ ਵਿਸ਼ਵ ਪੱਧਰੀ ਸੰਸਥਾਵਾਂ ਵਿਚ ਸੇਵਾ ਨਿਭਾ ਰਹੇ ਹਨ।ਡਾ. ਨਵਨੀਤ ਢੰਡ ਦੀ ਇਸ ਮਹੱਤਵਪੂਰਣ ਚੋਣ ਨਾਲ ਇਹ ਸਥਾਪਿਤ ਹੁੰਦਾ ਹੈ ਕਿ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਇਸ ਖੇਤਰ ਦੀਆਂ ਸਰਵਉੱਤਮ ਸੰਸਥਾਵਾਂ ‘ਚ ਸ਼ਾਮਿਲ ਹੈ।
ਦੱਸਣਯੋਗ ਹੈ ਕਿ ਇਹ ਇਹ ਜਾਣਕਾਰੀ ‘ਅਸਟ੍ਰੇਲੀਆ ਦੀ ਵਿਸ਼ੇਸ਼ ਖੋਜ ਰਿਪੋਰਟ 2020’ ‘ਚ ਸਾਹਮਣੇ ਆਈ ਹੈ। ਇਹ ਖੋਜ ਰਿਪੋਰਟ ਆਸਟ੍ਰੇਲੀਆ ਦੀ ਅਖ਼ਬਾਰ ‘ਦ ਅਸਟ੍ਰੇਲੀਅਨ’ ‘ਚ ਪ੍ਰਕਾਸ਼ਿਤ ਹੋਈ ਹੈ। ਇਸ ਰਿਪੋਰਟ ‘ਚ ਆਸਟ੍ਰੇਲੀਆ ਦੇ 255 ਵਿਗਿਆਨੀਆਂ ਦਾ ਜ਼ਿਕਰ ਕੀਤਾ ਗਿਆ ਹੈ, ਜੋ ਕਿ ਵੱਖ-ਵੱਖ ਖੇਤਰਾਂ ‘ਚ ਮੋਹਰੀ ਹਨ।ਇਹ ਰਿਪੋਰਟ ਉਨ੍ਹਾਂ ਦੀਆਂ ਪਿਛਲੇ ਪੰਜ ਸਾਲ ਦੀਆਂ ਅੰਤਰ-ਰਾਸ਼ਟਰੀ ਖੋਜ ਗਤੀਵਿਧੀਆਂ ਨੂੰ ਧਿਆਨ ‘ਚ ਰੱਖਦੇ ਹੋਏ ਤਿਆਰ ਕੀਤੀ ਗਈ ਹੈ। ਡਾ. ਢੰਡ ਇਸ ਵਕਤ ਆਸਟ੍ਰੇਲੀਆ ਦੀ ਸਿਡਨੀ ਯੂਨੀਵਰਸਿਟੀ ਵਿਖੇ ਸਹਿਯੋਗੀ ਪ੍ਰੋਫੈਸਰ ਦੇ ਤੌਰ ‘ਤੇ ਸੇਵਾ ਦੇ ਰਹੇ ਹਨ।
ਉਹ ਮਹਾਮਾਰੀ ਬੀਮਾਰੀਆਂ ਸੰਬੰਧੀ ਖੋਜ ਕਰਨ ਵਾਲੀ ਇਕ ਉੱਘੀ ਸੰਸਥਾ ਦੇ ਨਿਰਦੇਸ਼ਕ ਵੀ ਹਨ, ਜਿਸ ਨਾਲ ਕਿ 11 ਮੁਲਕਾਂ ਦੇ ਵਿਗਿਆਨੀ ਜੁੜੇ ਹੋਏ ਹਨ।ਇਸ ਸੰਸਥਾ ‘ਚ ਵਿਸ਼ਵ ਪੱਧਰੀ 40 ਵਿਗਿਆਨੀ ਕੰਮ ਕਰ ਰਹੇ ਹਨ ਜੋ ਕਿ ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਏਸ਼ੀਆ ਦੇ ਮੁਲਕਾਂ ਨਾਲ ਸੰਬੰਧਿਤ ਹਨ।ਇਹ ਵਿਗਿਆਨੀ ਵਿਸ਼ਵ ਸਿਹਤ ਸੰਸਥਾ, ਯੂ.ਐੱਨ.ਓ. ਅਤੇ ਅਮਰੀਕਾ ਤੇ ਬੀਮਾਰੀ ਨਿਯੰਤਰਣ ਕੇਂਦਰ ਨਾਲ ਵੀ ਕਾਰਜ ਕਰਦੇ ਹਨ। ਇਸ ਸੰਸਥਾ ਦਾ ਪ੍ਰਮੁੱਖ ਕਾਰਜ ਪਸ਼ੂ ਸਿਹਤ ‘ਚ ਕੰਮ ਕਰਨ ਵਾਲੇ ਮਨੁੱਖੀ ਸਾਧਨਾਂ ਨੂੰ ਨਵੇਂ ਢੰਗ ਨਾਲ ਸਿੱਖਿਅਤ ਕਰਨਾ ਹੈ।ਡਾ. ਢੰਡ ਦੀਆਂ ਇਨ੍ਹਾਂ ਪ੍ਰਾਪਤੀਆਂ ਨੂੰ ਵੇਖਦੇ ਹੋਏ ਨਾਮੀ ਰਸਾਲੇ ‘ਵੈਟਨਰੀ ਪ੍ਰੈਕਟਿਸ ਮੈਗਜ਼ੀਨ’ ਨੇ ਵੀ ਉਨ੍ਹਾਂ ਸੰਬੰਧੀ ਵਿਸ਼ੇਸ਼ ਕਹਾਣੀ ਪ੍ਰਕਾਸ਼ਿਤ ਕੀਤੀ ਹੈ, ਜਿਸ ‘ਚ ਉਨ੍ਹਾਂ ਦੇ ਪੇਸ਼ੇਵਰ ਜੀਵਨ ਅਤੇ ਉਨ੍ਹਾਂ ਦੀਆਂ ਵਿਗਿਆਨਕ ਅਤੇ ਖੋਜੀ ਪ੍ਰਾਪਤੀਆਂ ਬਾਰੇ ਚਰਚਾ ਕੀਤੀ ਗਈ ਹੈ।