bigben group director passed away: ਲੁਧਿਆਣਾ (ਤਰਸੇਮ ਭਾਰਦਵਾਜ)- ਲੁਧਿਆਣਾ ਦੇ ਸਭ ਤੋਂ ਨੌਜਵਾਨ ਉੱਦਮੀ ਬਿੱਗਬੇਨ ਗਰੁੱਪ ਦੇ ਡਾਇਰੈਕਟਰ ਅੰਗਦ ਸਿੰਘ ਅਹੂਜਾ ਦਾ ਦਿਹਾਂਤ ਹੋ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਉਹ ਕਈ ਦਿਨਾਂ ਤੋਂ ਡੇਂਗੂ ਨਾਲ ਪੀੜਤ ਹੋਣ ਕਾਰਨ ਲੁਧਿਆਣਾ ਦੇ ਡੀ.ਐਮ.ਸੀ. ਹਸਪਤਾਲ ‘ਚ ਭਰਤੀ ਸੀ, ਜਿੱਥੇ ਉਨ੍ਹਾਂ ਦਾ ਬੀਤੇ ਦਿਨ ਭਾਵ ਵੀਰਵਾਰ ਨੂੰ ਸ਼ਾਮ ਨੂੰ ਦਿਹਾਂਤ ਹੋ ਗਿਆ ਸੀ। ਅੱਜ ਉਨ੍ਹਾਂ ਦਾ ਦੁਪਹਿਰ 12.30 ਵਜੇ ਮਾਡਲ ਟਾਊਨ ਐਕਸਟੈਨਸ਼ਨ ਦੇ ਸ਼ਮਸ਼ਾਨਘਾਟ ‘ਚ ਅੰਤਿਮ ਸੰਸਕਾਰ ਹੋਵੇਗਾ। ਉਨ੍ਹਾਂ ਦੇ ਦਿਹਾਂਤ ਕਾਰਨ ਪੂਰੀ ਇੰਡਸਟਰੀ ‘ਚ ਸੋਗ ਦੀ ਲਹਿਰ ਛਾ ਗਈ ਹੈ। ਦੱਸਣਯੋਗ ਹੈ ਕਿ ਬਿੱਗ ਬੇਨ ਐਕਸਪੋਰਟਸ ਦੇ ਡਾਇਰੈਕਟਰ ਅੰਗਦ ਸਿੰਘ ਅਹੂਜਾ ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਸ (ਸੀਸੂ) ਦੇ ਸੰਯੁਕਤ ਸਕੱਤਰ, ਫੈੱਡਰੇਸ਼ਨ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਆਗਰੇਨਾਈਜੇਸ਼ਨ (ਫਿਕੋ) ਦੀ ਯੰਗ ਲੀਡਰ ਫੋਰਮ ਦੇ ਉਪ ਆਗੂ, ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂਫ਼ੈਕਚਰਜ਼ ਐਸੋਸੀਏਸ਼ਨ ਦੇ ਸੀਨੀਅਰ ਮੈਂਬਰ ਤੇ ਉੱਘੇ ਸਾਈਕਲਿਸਟ ਸੀ।
ਜ਼ਿਕਰਯੋਗ ਹੈ ਕਿ ਬਿੱਗਬੇਨ ਕੰਪਨੀ ਅੰਗਦ ਸਿੰਘ ਦੇ ਦਾਦਾ ਨੇ ਸ਼ੁਰੂ ਕੀਤੀ ਸੀ। ਭਾਰਤ-ਪਾਕਿ ਵੰਡ ਤੋਂ ਬਾਅਦ ਉਨ੍ਹਾਂ ਦੇ ਦਾਦਾ ਜੀ ਇੱਥੇ ਆਏ ਅਤੇ ਕੁਝ ਦਿਨ ਰੇਲਵੇ ‘ਚ ਕੰਮ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਇਕ ਛੋਟੇ ਜਿਹੇ ਕਮਰੇ ‘ਚ ਸਾਈਕਲ ਪਾਰਟਸ ਦਾ ਕੰਮ ਸ਼ੁਰੂ ਕੀਤਾ। ਦਾਦਾ ਦੇ ਦਿਹਾਂਤ ਤੋਂ ਬਾਅਦ ਅੰਗਦ ਸਿੰਘ ਦੇ ਪਿਤਾ ਨੇ ਇਹ ਕੰਮ ਅੱਗੇ ਵਧਾਇਆ। ਪਿਤਾ ਤੋਂ ਬਾਅਦ ਹੁਣ ਅੰਗਦ ਸਿੰਘ ਅਤੇ ਉਨ੍ਹਾਂ ਦਾ ਭਰਾ ਕਾਰੋਬਾਰ ਦੇਖ ਰਿਹਾ ਸੀ। ਬਿਗਬੇਨ ‘ਚ ਸਾਈਕਲ ਦੇ ਚਾਰ ਪਾਰਟਸ ਬਣਾਏ ਜਾਂਦੇ ਹਨ। ਕੰਪਨੀ 30 ਦੇਸ਼ਾਂ ਨੂੰ ਸਾਈਕਲ ਪਾਰਟਸ ਭੇਜਦੀ ਹੈ। ਅੰਗਦ ਸਿੰਘ ਨੇ ਹਮੇਸ਼ਾ ਪ੍ਰੋਡਕਟ ਦੀ ਕੁਆਲਿਟੀ ‘ਤੇ ਧਿਆਨ ਦਿੱਤਾ ਹੈ। ਉਨ੍ਹਾਂ ਨੇ ਆਪਣੀ ਨੌਜਵਾਨ ਸੋਚ ਨਾਲ ਕੰਪਨੀ ਨੂੰ ਮੁਕਾਮ ਤੱਕ ਪਹੁੰਚਾਇਆ।