Ludhiana corona decreased cases: ਲੁਧਿਆਣਾ (ਤਰਸੇਮ ਭਾਰਦਵਾਜ)- ਜ਼ਿਲ੍ਹੇ ‘ਚ 75 ਦਿਨਾਂ ਬਾਅਦ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਮੌਤ ਦੇ ਅੰਕੜਿਆਂ ‘ਚ ਗਿਰਾਵਟ ਆਈ ਹੈ। ਦੱਸ ਦੇਈਏ ਕਿ 25 ਜੁਲਾਈ ਤੋਂ ਬਾਅਦ ਬੀਤੇ ਦਿਨ ਭਾਵ ਵੀਰਵਾਰ ਨੂੰ 6 ਮਰੀਜ਼ਾਂ ਦੀ ਮੌਤ ਹੋਈ ਸੀ, ਜਿਨ੍ਹਾਂ ‘ਚ 2 ਲੁਧਿਆਣਾ ਅਤੇ 4 ਹੋਰ ਜ਼ਿਲ੍ਹਿਆਂ ਨਾਲ ਸਬੰਧਿਤ ਹਨ ਜਦਕਿ 104 ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋ ਸੀ ਜਿਨ੍ਹਾਂ ‘ਚ 89 ਲੁਧਿਆਣਾ ਦੇ ਅਤੇ ਬਾਕੀ ਹੋਰ ਜ਼ਿਲ੍ਹਿਆਂ ਨਾਲ ਸਬੰਧਿਤ ਹਨ।
ਦਰਅਸਲ ਅਕਤੂਬਰ ਮਹੀਨੇ ‘ਚ ਹੁਣ ਤੱਕ ਲੁਧਿਆਣਾ ਦੇ 48 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਸਤੰਬਰ ਦੇ ਪਹਿਲੇ 8 ਦਿਨਾਂ ਦੌਰਾਨ ਜ਼ਿਲ੍ਹੇ ਦੇ 110 ਅਤੇ ਅਗਸਤ ਮਹੀਨੇ ‘ਚ 71 ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਮੌਤ ਹੋਈ ਸੀ। ਜ਼ਿਲ੍ਹੇ ‘ਚ ਹੁਣ ਤੱਕ 792 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ, ਜੋ ਕਿ ਸੂਬੇ ‘ਚ ਸਭ ਤੋਂ ਜਿਆਦਾ ਹੈ। ਜ਼ਿਲ੍ਹੇ ਦੀ ਮੌਤ ਦਰ ਹੁਣ ਵੀ 4.2 ਫੀਸਦੀ ਚੱਲ ਰਹੀ ਹੈ। ਵੀਰਵਾਰ ਨੂੰ ਕੋਰੋਨਾ ਨਾਲ 6 ਮਰੀਜ਼ਾਂ ਦੀ ਮੌਤ ਹੋਈ, ਜਿਨ੍ਹਾਂ ‘ਚ ਲੁਧਿਆਣਾ ਦੇ 2 ਅਤੇ ਦੂਜੇ ਜ਼ਿਲ੍ਹਿਆਂ ਅਤੇ ਸੂਬਿਆਂ ਤੋਂ 4 ਮ੍ਰਿਤਕ ਮਰੀਜ਼ ਹਨ।
ਦੱਸਣਯੋਗ ਹੈ ਕਿ ਲੁਧਿਆਣਾ ‘ਚ ਹੁਣ ਤੱਕ 18942 ਕੋਰੋਨਾ ਪੀੜਤ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ‘ਚੋਂ 17555 ਮਰੀਜ਼ ਭਾਵ 92.97 ਫੀਸਦੀ ਮਰੀਜ਼ ਸਿਹਤਯਾਬ ਹੋ ਚੁੱਕੇ ਹਨ। ਹੁਣ ਜ਼ਿਲ੍ਹੇ ‘ਚ ਸਿਰਫ 594 ਹੀ ਸਰਗਰਮ ਮਾਮਲੇ ਹਨ। ਇਸ ਤੋਂ ਇਲਾਵਾ ਹੋਰ ਜ਼ਿਲ੍ਹਿਆਂ ਅਤੇ ਸੂਬਿਆਂ ਤੋਂ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 2429 ਪਹੁੰਚ ਚੁੱਕੀ ਹੈ, ਜਿਨ੍ਹਾਂ ‘ਚੋਂ 281 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਜ਼ਿਲ੍ਹੇ ‘ਚ ਹੁਣ ਤੱਕ 3,11,647 ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ ‘ਚੋਂ 3,10,040 ਸੈਂਪਲਾਂ ਦੀ ਰਿਪੋਰਟ ਮਿਲ ਚੁੱਕੀ ਹੈ। ਇਨ੍ਹਾਂ ‘ਚੋਂ 2,88,669 ਦੀ ਰਿਪੋਰਟ ਨੈਗੇਟਿਵ ਮਿਲੀ ਹੈ ਅਤੇ 1607 ਸੈਂਪਲਾਂ ਦੀ ਰਿਪੋਰਟ ਆਉਣੀ ਹਾਲੇ ਬਾਕੀ ਹੈ।