Ludhiana dengue patients died: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਕੋਰੋਨਾ ਦੇ ਮਾਮਲੇ ਘੱਟ ਹੋਣ ਤੋਂ ਬਾਅਦ ਸਿਹਤ ਵਿਭਾਗ ਨੂੰ ਰਾਹਤ ਮਿਲੀ ਸੀ ਪਰ ਹੁਣ ਡੇਂਗੂ ਦਾ ਖੌਫ ਦਿਨੋ-ਦਿਨ ਵੱਧਦਾ ਹੀ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨ ਭਾਵ ਵੀਰਵਾਰ ਨੂੰ ਇਕ ਦਿਨ ‘ਚ ਡੇਂਗੂ ਦੇ 38 ਨਵੇਂ ਮਾਮਲੇ ਸਾਹਮਣੇ ਆਏ ਨੇ ਅਤੇ 2 ਦੀ ਮੌਤ ਹੋਈ ਹੈ। ਮ੍ਰਿਤਕਾਂ ‘ਚ 1 ਲੁਧਿਆਣਾ ਨਿਵਾਸੀ ਬਿਗਬੇਨ ਗਰੁੱਪ ਦੇ ਡਾਇਰੈਕਟਰ ਅੰਗਦ ਸਿੰਘ ਅਹੂਜਾ ਤੇ ਦੂਜਾ ਬਠਿੰਡਾ ਨਿਵਾਸੀ ਕ੍ਰਿਸ਼ਣਾ ਦੇਵੀ ਹਨ।
ਦੱਸਣਯੋਗ ਹੈ ਕਿ ਜ਼ਿਲ੍ਹੇ ‘ਚ ਹੁਣ ਤੱਕ ਡੇਂਗੂ ਦੇ 489 ਪਾਜ਼ੀਟਿਵ ਮਰੀਜ਼ ਮਿਲ ਚੁੱਕੇ ਹਨ। ਪਿਛਲੇ 4 ਦਿਨਾਂ ਤੋਂ ਜ਼ਿਲ੍ਹੇ ‘ਚ ਔਸਤਨ 35 ਪਾਜ਼ੀਟਿਵ ਕੇਸ ਸਾਹਮਣੇ ਆ ਰਹੇ ਹਨ ਹਾਲਾਂਕਿ ਵਿਭਾਗ ਨੇ ਮੌਤਾਂ ਦੀ ਪੁਸ਼ਟੀ ਨਹੀਂ ਕੀਤੀ ਹੈ। ਮਾਹਰਾਂ ਮੁਤਾਬਕ ਡੇਂਗੂ ਦੇ ਗੰਭੀਰ ਮਰੀਜ਼ਾਂ ‘ਚ ਵਾਧਾ ਹੋ ਰਿਹਾ ਹੈ, ਜਿਸ ਕਾਰਨ ਸਥਿਤੀ ਚਿੰਤਾਜਨਕ ਪੈਦਾ ਹੋ ਗਈ। ਬੱਚਿਆਂ ‘ਚ ਵੀ ਗੰਭੀਰ ਮਾਮਲੇ ਵੱਧ ਰਹੇ ਹਨ। ਹਸਪਤਾਲ ‘ਚ ਦਾਖਲ 30 ਫੀਸਦੀ ਮਰੀਜ਼ ਅਜਿਹੇ ਨੇ ਜਿਨ੍ਹਾਂ ਨੂੰ ਆਈ.ਸੀ.ਯੂ ‘ਚ ਰੱਖਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਜ਼ਿਲ੍ਹੇ ਭਰ ‘ਚ 75 ਦਿਨਾਂ ਬਾਅਦ ਕੋਰੋਨਾ ਦੇ ਪਾਜ਼ੀਟਿਵ ਮਾਮਲਿਆਂ ਅਤੇ ਮੌਤਾਂ ‘ਚ ਗਿਰਾਵਟ ਆਈ ਹੈ, ਜਿਸ ਕਾਰਨ ਸਿਹਤ ਵਿਭਾਗ ਨੂੰ ਰਾਹਤ ਮਿਲੀ ਹੈ। ਜ਼ਿਲ੍ਹੇ ਭਰ ‘ਚ ਹੁਣ ਤੱਕ 18942 ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ, ਜਿਨ੍ਹਾਂ ‘ਚੋਂ ਹੁਣ ਤੱਕ 17555 ਭਾਵ 92.97 ਫੀਸਦੀ ਮਰੀਜ਼ ਸਿਹਤਯਾਬ ਹੋ ਚੁੱਕੇ ਹਨ। ਜ਼ਿਲ੍ਹੇ ‘ਚ ਹੁਣ ਸਿਰਫ 594 ਸਰਗਰਮ ਮਾਮਲੇ ਹਨ।