smo inspection civil hospital midnight: ਲੁਧਿਆਣਾ (ਤਰਸੇਮ ਭਾਰਦਵਾਜ)- ਜ਼ਿਲ੍ਹੇ ਦੇ ਸਿਵਲ ਹਸਪਤਾਲ ‘ਚ ਸਥਿਤ ਮਦਰ ਐਂਡ ਚਾਈਲਡ ਹਸਪਤਾਲ ‘ਚ ਉਸ ਸਮੇਂ ਸਟਾਫ ਹੱਕਾ-ਬੱਕਾ ਰਹਿ ਗਿਆ ਜਦੋਂ ਐੱਸ.ਐੱਮ.ਓ. ਅਮਰਜੀਤ ਕੌਰ ਵੱਲੋਂ ਅਚਾਨਕ ਦੌਰਾ ਕੀਤਾ ਗਿਆ। ਉਨ੍ਹਾਂ ਨੇ ਹਸਪਤਾਲ ਦੇ ਲੇਬਰ ਰੂਮ ਤੋਂ ਲੈ ਕੇ ਸਾਰੇ ਵਾਰਡਾਂ ‘ਚ ਜਾ ਕੇ ਪ੍ਰਬੰਧਾਂ ਦੀ ਜਾਂਚ ਪੜਤਾਲ ਕੀਤੀ ਅਤੇ ਗਰਭਵਤੀ ਔਰਤਾਂ ਨਾਲ ਗੱਲਬਾਤ ਵੀ ਕੀਤੀ।
ਦਰਅਸਲ ਐੱਸ.ਐੱਮ.ਓ ਅਮਰਜੀਤ ਕੌਰ ਨੂੰ ਸ਼ਿਕਾਇਤ ਮਿਲੀ ਸੀ ਕਿ ਰਾਤ ਨੂੰ ਸਟਾਫ ਵੱਲੋਂ ਲਾਪਰਵਾਹੀ ਵਰਤੀ ਜਾ ਰਹੀ ਹੈ। ਇਸ ਨਾਲ ਮਰੀਜ਼ਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਉਨ੍ਹਾਂ ਨੇ ਸਟਾਫ ਨੂੰ ਮਰੀਜ਼ਾਂ ਦੀ ਦੇਖਭਾਲ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਲਾਪਰਵਾਹੀ ਕਿਸੇ ਵੀ ਸੂਰਤ ‘ਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜਦੋਂ ਐੱਸ.ਐੱਮ.ਓ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਪੜਤਾਲ ਦੌਰਾਨ ਸਾਰਾ ਕੁਝ ਠੀਕ ਮਿਲਿਆ ਹੈ। ਸਿਰਫ ਸਫਾਈ ਨੂੰ ਲੈ ਕੇ ਕੁਝ ਸ਼ਿਕਾਇਤਾਂ ਸੀ, ਜਿਸ ਦੇ ਲਈ ਸਟਾਫ ਨੂੰ ਨਿਰਦੇਸ਼ ਦਿੱਤੇ ਗਏ ਹਨ।
ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਆਈਸੋਲੇਸ਼ਨ ਵਾਰਡ ਦੀ ਖਿੜਕੀ ‘ਚ ਮਾਨਸਿਕ ਤੌਰ ਤੇ ਬੀਮਾਰੀ ਲੜਕੀ ਨੇ ਭੱਜਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਤੋਂ ਬਾਅਦ ਐੱਸ.ਐੱਮ.ਓ ਅਮਰਜੀਤ ਕੌਰ ਨੇ ਦੇਰ ਰਾਤ ਅਚਾਨਕ ਸਿਵਲ ਹਸਪਤਾਲ ਦਾ ਦੌਰਾ ਕੀਤਾ ਸੀ। ਇਸ ਦੌਰਾਨ ਵੀ ਉਨ੍ਹਾਂ ਨੇ ਮਰੀਜ਼ਾਂ ਦੀ ਸਮੱਸਿਆਵਾਂ ਸੁਣੀਆਂ ਤੇ ਪ੍ਰਬੰਧਾਂ ਦਾ ਜਾਇਜਾ ਲਿਆ ਸੀ।