Farmers protest Ladowal toll plaza: ਲੁਧਿਆਣਾ (ਤਰਸੇਮ ਭਾਰਦਵਾਜ)- ਖੇਤੀ ਬਿੱਲਾਂ ਦਾ ਵਿਰੋਧ ਕਰ ਰਹੇ ਪੰਜਾਬ ਦੇ ਕਿਸਾਨਾਂ ਨੇ ਸੂਬੇ ਭਰ ‘ਚ 100 ਤੋਂ ਵੀ ਵੱਧ ਥਾਵਾਂ ‘ਤੇ ਟੋਲ ਪਲਾਜ਼ਾ ‘ਤੇ ਧਰਨਾ ਲਗਾ ਕੇ ਜਾਮ ਕਰਨ ਦਾ ਐਲਾਨ ਕੀਤਾ ਸੀ, ਜਿਸ ਦੇ ਮੱਦੇਨਜ਼ਰ ਲੁਧਿਆਣਾ ‘ਚ ਲਾਡੋਵਾਲ ਟੋਲ ਪਲਾਜ਼ਾ ‘ਤੇ ਸੜਕਾਂ ਘੇਰ ਕੇ ਬੈਠੇ ਇਲਾਕੇ ਦੇ ਸੈਂਕੜੇ ਕਿਸਾਨਾਂ ਵਲੋਂ ਆਵਾਜਾਈ ਪੂਰੀ ਤਰ੍ਹਾਂ ਠੱਪ ਕਰ ਦਿੱਤੀ ਪਰ ਇਸੇ ਦੌਰਾਨ ਜਦੋਂ ਕਾਫੀ ਲੰਬੇ ਜਾਮ ‘ਚ ਐਂਬੂਲੈਂਸ ਫਸ ਗਈਆ ਤਾਂ ਉਨ੍ਹਾਂ ਨੂੰ ਕੱਢਣ ਲਈ ਕਿਸਾਨ ਜੱਥੇਬੰਦੀਆਂ ਵੱਲੋਂ ਕੁਝ ਦੇਰ ਤੱਕ ਧਰਨਾ ਪ੍ਰਦਰਸ਼ਨ ਰੋਕ ਕੇ ਐਂਬੂਲੈਂਸ ਨੂੰ ਰਾਹ ਦੇ ਕੇ ਅੱਗੇ ਤੋਰਿਆ ਗਿਆ।
ਇਸ ਦੌਰਾਨ ਕਿਸਾਨਾਂ ਨੇ ਸਾਬਿਤ ਕੀਤਾ ਹੈ ਕਿ ਆਮ ਲੋਕਾਂ ਨੂੰ ਕੋਈ ਸਮੱਸਿਆ ਨਹੀਂ ਪੈਦਾ ਹੋਣ ਦਿੱਤੀ ਜਾਵੇਗੀ, ਸਗੋਂ ਸੜਕਾਂ ਬੰਦ ਕਰਕੇ ਸਰਕਾਰ ਨੂੰ ਸੁਨੇਹਾ ਦਿੱਤਾ ਹੈ ਕਿ ਜੋ ਕਿਸਾਨਾਂ ਨਾਲ ਮਾੜਾ ਵਿਹਾਰ ਕੀਤਾ ਉਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਦੱਸਿਆ ਜਾਂਦਾ ਹੈ ਕਿ 12 ਵਜੇ ਤੋਂ ਸ਼ੁਰੂ ਹੋਏ ਧਰਨੇ ਪ੍ਰਦਰਸ਼ਨ ਤੋਂ ਬਾਅਦ 40 ਮਿੰਟਾਂ ‘ਚ ਫਿਲੌਰ ਤੱਕ ਕਾਫੀ ਵੱਡਾ ਜਾਮ ਲੱਗ ਗਿਆ ਸੀ।
ਦੱਸਣਯੋਗ ਹੈ ਕਿ ਖੇਤੀ ਬਿੱਲਾਂ ਦਾ ਵਿਰੋਧ ਕਰ ਰਹੇ ਪੰਜਾਬ ਦੇ ਕਿਸਾਨਾਂ ਨੇ ਹਰਿਆਣਾ ‘ਚ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦਾ ਘਿਰਾਓ ਕਰਨ ਗਏ ਕਿਸਾਨਾਂ ‘ਤੇ ਹੋਏ ਅੰਨ੍ਹੇਵਾਹ ਲਾਠੀਚਾਰਜ ਦੇ ਖਿਲਾਫ਼ ਸੂਬੇ ਦੀਆਂ 30 ਕਿਸਾਨ-ਮਜ਼ਦੂਰ ਜਥੇਬੰਦੀਆਂ ਵਲੋਂ ਅੱਜ ਭਾਵ ਸ਼ੁੱਕਰਵਾਰ ਨੂੰ 2 ਘੰਟੇ ਲਈ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ। ਇਸ ਦੇ ਮੱਦੇਨਜ਼ਰ ਅੱਜ ਵੱਖ-ਵੱਖ ਥਾਵਾਂ ‘ਤੇ ਕਿਸਾਨਾਂ ਵਲੋਂ ਸੜਕਾਂ ਅਤੇ ਰੇਲ ਮਾਰਗ ਰੋਕਦੇ ਹੋਏ ਰੋਸ਼ ਪ੍ਰਦਸ਼ਨ ਸ਼ੁਰੂ ਕਰ ਦਿੱਤੇ ਗਏ ਹਨ। ਦੁਪਹਿਰ 12 ਵਜੇ ਤੋਂ ਸ਼ੁਰੂ ਹੋਏ ਕਿਸਾਨਾਂ ਦਾ ਇਹ ‘ਚੱਕਾ ਜਾਮ’ ਪ੍ਰਦਸ਼ਨ 2 ਵਜੇ ਤੱਕ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ ਸੀ। ਇਸ ਦੌਰਾਨ ਕਿਸਾਨਾਂ ਵਲੋਂ ਸੂਬੇ ਭਰ ‘ਚ ਕਈ ਥਾਵਾਂ ‘ਤੇ ਟੋਲ ਪਲਾਜ਼ਾ ਅਤੇ ਰਿਲਾਇੰਸ ਪੈਟਰੋਲ ਪੰਪਾਂ ਨੇੜੇ ਸਾਰੇ ਹੀ ਪ੍ਰਮੁੱਖ ਸੜ੍ਹਕੀ ਮਾਰਗ ‘ਤੇ ਧਰਨਾ ਲਗਾ ਕੇ ਜਾਮ ਕਰ ਦਿੱਤੇ ਗਏ ਹਨ।