Vehicles scrapped police stations: ਲੁਧਿਆਣਾ (ਤਰਸੇਮ ਭਾਰਦਵਾਜ)-ਥਾਣਿਆਂ ‘ਚ ਖੜੇ-ਖੜੇ ਕਬਾੜ ਚੁੱਕੇ ਵਾਹਨਾਂ ਲਈ ਲੁਧਿਆਣਾ ਪੁਲਿਸ ਵੱਲੋਂ ਨਵੀਂ ਪਹਿਲਕਦਮੀ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਪੁਲਿਸ ਨੇ ਮਾਲਖਾਨਿਆਂ ‘ਚ ਪਏ ਪੁਰਾਣੇ ਮਾਮਲਿਆਂ ਤੋਂ ਰਿਕਵਰ ਹੋਏ ਵਾਹਨ ਹੁਣ ਉਨ੍ਹਾਂ ਦੇ ਮਾਲਕਾਂ ਦੇ ਹਵਾਲੇ ਕੀਤੇ ਜਾਣਗੇ। ਪੁਲਿਸ ਵੱਲੋਂ ਇਸ ਕੰਮ ਦੀ ਲਿਸਟਿੰਗ ਸ਼ੁਰੂ ਕਰ ਦਿੱਤੀ ਗਈ ਹੈ, ਇਸ ਦੇ ਲਈ 20 ਅਕਤੂਬਰ ਨੂੰ ਪੁਲਿਸ ਵੱਲੋਂ ਸਾਰੇ ਥਾਣਿਆਂ ‘ਚ ਕੈਂਪ ਲਾਏ ਜਾਣਗੇ, ਜਿੱਥੇ ਉਨ੍ਹਾਂ ਨਾਲ ਵਕੀਲ ਵੀ ਮੌਜੂਦ ਹੋਣਗੇ। ਕੈਂਪਾਂ ‘ਚ ਵਾਹਨ ਮਾਲਕਾਂ ਨੂੰ ਬੁਲਾ ਕੇ ਸਪੁਰਦਗੀ ਦਾ ਕੰਮ ਕੀਤਾ ਜਾਵੇਗਾ। ਦੱਸ ਦੇਈਏ ਕਿ ਸਪੁਰਦਗੀ ਦੀ ਇਹ ਪ੍ਰਕਿਰਿਆ ਦੋ ਪਹੀਏ ਅਤੇ ਤਿੰਨ ਪਹੀਆ ਵਾਹਨਾਂ ਤੋਂ ਸ਼ੁਰੂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਥਾਣਿਆਂ ‘ਚ ਪਏ ਮੋਬਾਇਲ ਫੋਨ ਵੀ ਲੋਕਾਂ ਦੇ ਹਵਾਲੇ ਕੀਤੇ ਜਾਣਗੇ।
ਇਸ ਤਹਿਤ ਜੁਆਇੰਟ ਕਮਿਸ਼ਨਰ ਭਾਗੀਰਥ ਮੀਨਾ ਦੇ ਦਫਤਰ ‘ਚ ਬਾਰ ਐਸੋਸੀਏਸ਼ਨ ਦੇ ਵਾਈਸ ਪ੍ਰੈਜੀਡੈਂਟ ਰਾਜਿੰਦਰ ਸਿੰਘ ਬੱਬਰ ਦੀ ਪ੍ਰਧਾਨਗੀ ‘ਚ ਵਕੀਲਾਂ ਨਾਲ ਮੀਟਿੰਗ ਕੀਤੀ ਗਈ ਤਾਂ ਕਿ ਸਪੁਰਦੀ ਸਿਸਟਮ ਨੂੰ ਆਸਾਨ ਅਤੇ ਘੱਟ ਪੈਸਿਆਂ ‘ਚ ਤਿਆਰ ਕਰ ਕੇ ਵਾਹਨ ਮਾਲਕਾਂ ਨੂੰ ਦਿੱਤੇ ਜਾਣ।
ਦੱਸਣਯੋਗ ਹੈ ਕਿ ਵੱਖ-ਵੱਖ ਥਾਣਿਆਂ ‘ਚ ਲਗਭਗ 5 ਹਜ਼ਾਰ ਛੋਟੇ-ਵੱਡੇ ਵਾਹਨ ਮੌਜੂਦ ਹਨ, ਜਿਨ੍ਹਾਂ ‘ਚ 4020 ਦੋ ਪਹੀਆ ਵਾਹਨ, 368 ਆਟੋ, 500 ਗੱਡੀਆ ਅਤੇ 112 ਟਰੱਕ ਸ਼ਾਮਿਲ ਹਨ। ਇਸ ਦੌਰਾਨ ਇਕ ਹੈਰਾਨੀਜਨਕ ਖੁਲਾਸਾ ਹੋਇਆ ਕਿ ਥਾਣਿਆਂ ‘ਚ ਖੜ੍ਹੇ ਵਾਹਨਾਂ ਦਾ 70 ਫੀਸਦੀ ਸਾਮਾਨ ਗਾਇਬ ਹੋ ਰਿਹਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਅੱਧੇ ਸਾਮਾਨ ਤੋਂ ਬਿਨਾ ਅਜਿਹੀ ਹਾਲਤ ‘ਚ ਮਾਲਕ ਵੱਲੋਂ ਆਪਣੇ ਵਾਹਨ ਲਿਜਾਏ ਜਾਂਦੇ ਨੇ ਜਾਂ ਫਿਰ ਨਹੀਂ।