White House doctor says: ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਹੁਣ ਕੋਰੋਨਾ ਪੀੜਤ ਨਹੀਂ ਰਹੇ, ਵ੍ਹਾਈਟ ਹਾਊਸ ਦੇ ਫਿਜ਼ਿਸ਼ੀਅਨ ਸੀਨ ਕਾਨਲੇ ਨੇ ਸ਼ਨੀਵਾਰ ਦੇਰ ਰਾਤ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ, “ਅੱਜ ਸ਼ਾਮ ਤੁਹਾਨੂੰ ਇਹ ਜਾਣਕਾਰੀ ਦਿੰਦਿਆਂ ਮੈਂ ਖੁਸ਼ ਹਾਂ ਕਿ ਰਾਸ਼ਟਰਪਤੀ ਟਰੰਪ ਤੋਂ ਹੁਣ ਕਿਸੇ ਨੂੰ ਵੀ ਕੋਰੋਨਾ ਹੋਣ ਦਾ ਖ਼ਤਰਾ ਨਹੀਂ ਹੈ।” ਉਨ੍ਹਾਂ ਨੇ ਕਿਹਾ ਕਿ ਹੁਣ ਉਹ ਜਨਤਕ ਜੀਵਨ ਵਿੱਚ ਵਾਪਸ ਆ ਸਕਦੇ ਹਨ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਨੂੰ ਪਿਛਲੇ ਹਫਤੇ ਸ਼ੁੱਕਰਵਾਰ ਤੋਂ ਹੀ ਬੁਖਾਰ ਨਹੀਂ ਹੈ। ਰਾਸ਼ਟਰਪਤੀ ਟਰੰਪ ਦਾ ਡਾਕਟਰਾਂ ਦੀ ਟੀਮ ਵੱਲੋਂ ਕੋਵਿਡ-19 ਦਾ ਇਲਾਜ਼ ਪੂਰਾ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਦੇ ਕੋਰੋਨਾ ਪੀੜਤ ਹੋਣ ਬਾਰੇ ਪਿਛਲੇ ਹਫਤੇ ਪਤਾ ਲੱਗਿਆ ਸੀ ਅਤੇ ਇਸ ਸ਼ਨੀਵਾਰ ਨੂੰ ਇਸ ਦੇ 10 ਦਿਨ ਪੂਰੇ ਹੋ ਗਏ ਹਨ। ਡਾਕਟਰ ਕਾਨਲੇ ਨੇ ਕਿਹਾ ਕਿ ਸ਼ਨੀਵਾਰ ਤੱਕ ਉਨ੍ਹਾਂ ਦਾ ਜਨਤਕ ਜੀਵਨ ਵਿੱਚ ਵਾਪਸ ਆਉਣਾ ਸੁਰੱਖਿਅਤ ਰਹੇਗਾ। ਇਸ ਸਬੰਧੀ ਇੱਕ ਇੰਟਰਵਿਊ ਵਿੱਚ ਟਰੰਪ ਨੇ ਕਿਹਾ ਕਿ ਉਹ ਚੰਗਾ ਮਹਿਸੂਸ ਕਰ ਰਹੇ ਹਨ ਅਤੇ ਰੈਲੀਆਂ ਕਰਨਾ ਚਾਹੁੰਦੇ ਹਨ । ਉਨ੍ਹਾਂ ਕਿਹਾ, ‘ਮੈਂ ਚੰਗਾ, ਬਹੁਤ ਚੰਗਾ ਮਹਿਸੂਸ ਕਰ ਰਿਹਾ ਹਾਂ। ਮੈਂ ਤਿਆਰ ਹਾਂ, ਮੈਂ ਰੈਲੀਆਂ ਕਰਨਾ ਚਾਹੁੰਦਾ ਹਾਂ।
ਦੱਸ ਦੇਈਏ ਕਿ ਸ਼ਨੀਵਾਰ ਨੂੰ ਡੋਨਾਲਡ ਟਰੰਪ ਵ੍ਹਾਈਟ ਹਾਊਸ ਦੀ ਬਾਲਕੋਨੀ ਵਿੱਚ ਆਏ । ਉਸਦੇ ਸਮਰਥਕ ਵੱਡੀ ਗਿਣਤੀ ਵਿੱਚ ਬਾਹਰ ਸਨ । ਟਰੰਪ ਨੇ ਸਮਰਥਕਾਂ ਦੇ ਸਾਹਮਣੇ ਮਾਸਕ ਹਟਾਇਆ। ਇਹ ਪਹਿਲਾ ਮੌਕਾ ਸੀ ਜਦੋਂ ਉਹ ਕੋਰੋਨਾ ਤੋਂ ਠੀਕ ਹੋ ਕੇ ਜਨਤਕ ਤੌਰ ‘ਤੇ ਸਾਹਮਣੇ ਆਏ। ਵ੍ਹਾਈਟ ਹਾਊਸ ਦੀ ਬਾਲਕੋਨੀ ਤੋਂ ਬੋਲਦਿਆਂ ਟਰੰਪ ਨੇ ਕਿਹਾ, ‘ਮੈਂ ਬਹੁਤ ਚੰਗਾ ਮਹਿਸੂਸ ਕਰ ਰਿਹਾ ਹਾਂ। ਮੈਂ ਚਾਹੁੰਦਾ ਹਾਂ ਕਿ ਤੁਹਾਨੂੰ ਪਤਾ ਲੱਗੇ ਕਿ ਸਾਡਾ ਦੇਸ਼ ਇਸ ਭਿਆਨਕ ਚੀਨੀ ਵਾਇਰਸ ਨੂੰ ਹਰਾਉਣ ਜਾ ਰਿਹਾ ਹੈ।’ ਟਰੰਪ ਨੇ ਸੈਂਕੜੇ ਸਮਰਥਕਾਂ ਨੂੰ ਸੰਬੋਧਿਤ ਕੀਤਾ, ਜਿਨ੍ਹਾਂ ਨੇ ਮਾਸਕ ਪਹਿਨੇ ਹੋਏ ਸਨ, ਪਰ ਪ੍ਰੋਗਰਾਮ ਵਿੱਚ ਥੋੜੀ ਜਿਹੀ ਸਮਾਜਿਕ ਦੂਰੀ ਦੇਖੀ ਗਈ।