young shot accused arrested police: ਲੁਧਿਆਣਾ (ਤਰਸੇਮ ਭਾਰਦਵਾਜ)-ਸਥਾਨਕ ਹੈਬੋਵਾਲ ਦੇ ਇਲਾਕੇ ਥਾਪਰ ਕਲੋਨੀ ‘ਚ ਇਕ ਹਫਤਾ ਪਹਿਲਾਂ ਨੌਜਵਾਨ ਨੂੰ ਗੋਲੀ ਮਾਰ ਕੇ ਜ਼ਖਮੀ ਕਰਨ ਵਾਲੇ ਦੋ ਬਦਮਾਸ਼ਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ, ਜਿਨ੍ਹਾਂ ਕੋਲੋਂ ਪੁਲਿਸ ਨੇ ਤਿੰਨ ਪਿਸਤੌਲਾਂ, 7 ਕਾਰਤੂਸ ਅਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਹੈ।
ਜੁਆਇੰਟ ਕਮਿਸ਼ਨਰ ਭਗੀਰਥ ਮੀਨਾ ਨੇ ਦੱਸਿਆ ਕਿ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਕਥਿਤ ਦੋਸ਼ੀਆਂ ‘ਚ ਸ਼ੁਭਮ ਅਤੇ ਗੁਰਵਿੰਦਰ ਪਾਲ ਸਿੰਘ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਘਟਨਾ ਵਾਲੇ ਦਿਨ ਥਾਪਰ ਕਾਲੋਨੀ ਦਾ ਰਹਿਣ ਵਾਲਾ ਸੌਰਵ ਸ਼ਰਮਾ ਆਪਣੇ ਸਾਥੀ ਨਾਲ ਮੋਟਰਸਾਈਕਲ ‘ਤੇ ਘਰ ਦੇ ਨੇੜੇ ਜਾ ਰਿਹਾ ਸੀ। ਸੌਰਵ ਅਤੇ ਉਸ ਦਾ ਦੋਸਤ ਜਿੰਮ ਤੋਂ ਵਾਪਸ ਆ ਰਹੇ ਸਨ। ਇਸ ਦੌਰਾਨ ਉਕਤ ਦੋਵਾਂ ਕਥਿਤ ਦੋਸ਼ੀਆਂ ਨੇ ਸੌਰਵ ਨੂੰ ਰੋਕ ਲਿਆ ਅਤੇ ਉਸ ਨੂੰ ਜ਼ਬਰਦਸਤੀ ਆਪਣੇ ਮੋਟਰਸਾਈਕਲ ‘ਤੇ ਬਿਠਾਉਣ ਦੀ ਕੋਸ਼ਿਸ਼ ਕੀਤੀ, ਜਦੋਂ ਸੌਰਵ ਨੇ ਇਸਦਾ ਵਿਰੋਧ ਕੀਤਾ ਤਾਂ ਸ਼ੁਭਮ ਨੇ ਆਪਣੇ ਪਾਸ ਰੱਖੀ ਪਿਸਤੌਲ ਕੱਢ ਲਈ ਤੇ ਸੌਰਵ ਦੇ ਗੋਲੀ ਮਾਰ ਦਿੱਤੀ। ਗੋਲੀ ਉਸ ਦੇ ਪੇਟ ‘ਚ ਲੱਗੀ, ਗੰਭੀਰ ਹਾਲਤ ‘ਚ ਸੌਰਵ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਹੁਣ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੌਰਵ ਅਤੇ ਸ਼ੁਭਮ ਦੀ ਪਿਛਲੇ ਕੁਝ ਸਮੇਂ ਤੋਂ ਮਾਮੂਲੀ ਜਿਹੀ ਗੱਲ ਨੂੰ ਲੈ ਕੇ ਆਪਸ ‘ਚ ਨਿੱਜੀ ਰੰਜਿਸ਼ ਚੱਲ ਰਹੀ ਸੀ, ਜਿਸ ਕਾਰਨ ਸ਼ੁਭਮ ਨੇ ਆਪਣੇ ਦੋਸਤ ਗੁਰਵਿੰਦਰ ਪਾਲ ਸਿੰਘ ਨਾਲ ਮਿਲ ਕੇ ਸੌਰਵ ਦਾ ਕਤਲ ਕਰਨ ਦੀ ਯੋਜਨਾ ਬਣਾਈ ਸੀ। ਇਸ ਲਈ ਇਨ੍ਹਾਂ ਨੇ ਪਿਸਤੌਲਾਂ ਯੂ.ਪੀ. ਦੇ ਹਰਦੋਈ ਤੋਂ ਖ਼ਰੀਦ ਕੀਤੀਆਂ ਸਨ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਇਨ੍ਹਾਂ ਦੋਵਾਂ ਖਿਲਾਫ਼ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ ਤੇ ਇਨ੍ਹਾਂ ਪਾਸੋਂ ਹੋਰ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਕਈ ਹੋਰ ਪ੍ਰਗਟਾਵੇ ਹੋਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ।