dengue cases state headquarters team: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਕੋਰੋਨਾ ਦੇ ਚੱਲਦਿਆਂ ਡੇਂਗੂ ਅਤੇ ਚਿਕਨਗੁਨੀਆ ਬੁਖਾਰ ਨੇ ਲੋਕਾਂ ਨੂੰ ਆਪਣੀ ਲਪੇਟ ਵਿਚ ਲੈਣਾ ਸ਼ੁਰੂ ਕਰ ਦਿੱਤਾ ਹੈ। ਇਸ ਕਾਰਨ ਸਿਹਤ ਵਿਭਾਗ ਲਈ ਉਸ ਸਮੇਂ ਵੱਡੀ ਚਿੰਤਾ ਪੈਦਾ ਹੋ ਗਈ ਜਦੋਂ ਜ਼ਿਲ੍ਹੇ ‘ਚ ਸੋਮਵਾਰ ਨੂੰ ਡੇਂਗੂ ਦੇ 21 ਨਵੇਂ ਮਾਮਲੇ ਸਾਹਮਣੇ ਆਏ। ਦੱਸ ਦੇਈਏ ਕਿ ਹੁਣ ਤੱਕ ਜ਼ਿਲ੍ਹੇ ‘ਚ 592 ਡੇਂਗੂ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਦੇ ਮੱਦੇਨਜ਼ਰ ਜ਼ਿਲ੍ਹੇ ‘ਚ ਡੇਂਗੂ ਦੀ ਸਥਿਤੀ ਬਾਰੇ ਜਾਣਨ ਲ਼ਈ ਸਟੇਟ ਹੈੱਡਕੁਆਰਟਰ ਤੋਂ ਸਹਾਇਕ ਪ੍ਰੋਗਰਾਮ ਅਫਸਰ ਐੱਨ.ਵੀ.ਬੀ.ਡੀ.ਸੀ.ਪੀ ਚੰਡੀਗੜ੍ਹ ਤੋਂ ਡਾ.ਮੁਨੀਸ਼ ਮੁਹੰਮਦ, ਐਂਟੋਮੋਲੋਜਿਸਟ ਨਿਜਾਤਿੰਦਰ ਸਿੰਘ ਪਹੁੰਚੇ। ਸਿਵਲ ਸਰਜਨ ਦਫਤਰ ‘ਚ ਇਸ ਸਬੰਧ ‘ਚ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ‘ਚ ਡੇਂਗੂ ਤੋਂ ਬਚਾਅ ਸਬੰਧਿਤ ਜਾਗਰੂਕਤਾ ਪ੍ਰੋਗਰਾਮਾਂ ਨੂੰ ਤੇਜ਼ ਕਰਨ ਅਤੇ ਸਟੇਟ ਹੈੱਡਕੁਆਰਟਰ ਦੀ ਗਾਈਡਲਾਈਨਜ਼ ਦਾ ਪਾਲਣ ਕਰਨ ਲਈ ਕਿਹਾ ਗਿਆ ਹੈ। ਟੀਮ ਵੱਲੋਂ ਸ਼ਹਿਰ ਦੇ ਡੇਂਗੂ ਪ੍ਰਭਾਵਿਤ ਇਲਾਕਿਆਂ ‘ਚ ਮੱਛਰਾਂ ਦੀ ਬ੍ਰੀਡਿੰਗ ਚੈੱਕ ਕੀਤੀ ਗਈ ਅਤੇ ਡੇਂਗੂ ਮਾਮਲਿਆਂ ਅਤੇ ਨੇੜੇ ਦੇ ਘਰਾਂ ‘ਚ ਇਨਡੋਰ ਸਪ੍ਰੇ ਵੀ ਕਰਵਾਇਆ ਗਿਆ ।
ਐਂਟੀ ਲਾਰਵਾ ਅਤੇ ਐੱਮ.ਸੀ ਦੀ ਜੁਆਇੰਟ ਟੀਮਾਂ ਵੱਲੋਂ ਇਸਲਾਮ ਗੰਜ, ਬੀ.ਆਰ.ਐੱਸ ਨਗਰ, ਮਾਡਲ ਟਾਊਨ, ਐੱਸ.ਏ.ਐੱਸ ਨਗਰ, ਗੋਬਿੰਦ ਕਾਲੋਨੀ ਜਮਾਲਪੁਰ, ਰਿਸ਼ੀ ਨਗਰ, ਟਿੱਬਾ ਰੋਡ, ਸੁੰਦਰ ਨਗਰ ਅਤੇ ਸਲੇਮ ਟਾਬਰੀ ਦੇ ਇਲਾਕਿਆਂ ‘ਚ ਜਾਗਰੂਕਤਾ ਫੈਲਾਈ ਗਈ।