robbery employee gas agency: ਲੁਧਿਆਣਾ (ਤਰਸੇਮ ਭਾਰਦਵਾਜ)-ਸ਼ਹਿਰ ‘ਚ ਗੈਸ ਏਜੰਸੀ ‘ਚ ਦੀ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਪਹੁੰਚੇ ਲੁਟੇਰਿਆਂ ਨੂੰ ਉਸ ਸਮੇਂ ਮੂੰਹ ਦੀ ਖਾਣੀ ਪਈ, ਜਦੋਂ ਗੈਸ ਏਜੰਸੀ ਦੇ ਕਰਿੰਦੇ ਨੇ ਦਲੇਰੀ ਨਾਲ ਉਨ੍ਹਾਂ ਦਾ ਮੁਕਾਬਲਾ ਕੀਤਾ। ਇਸ ਦੌਰਾਨ ਲੁਟੇਰਿਆਂ ਵਲੋਂ ਕੀਤੇ ਹਮਲੇ ‘ਚ ਗੈਸ ਏਜੰਸੀ ਦਾ ਕਰਿੰਦਾ ਗੰਭੀਰ ਜ਼ਖਮੀ ਹੋ ਗਿਆ।
ਜਾਣਕਾਰੀ ਅਨੁਸਾਰ ਜ਼ਖ਼ਮੀ ਹੋਏ ਕਰਿੰਦੇ ਦੀ ਸ਼ਨਾਖ਼ਤ ਬਦਰੂ ਅਨਸਾਰੀ ਵਜੋਂ ਕੀਤੀ ਗਈ ਹੈ। ਉਹ ਰਾਹੋਂ ਰੋਡ ਸਥਿਤ ਥੰਮਣ ਗੈਸ ਏਜੰਸੀ ਦਾ ਕਰਿੰਦਾ ਹੈ। ਗੈਸ ਏਜੰਸੀ ਸਪਲਾਈ ਕਰਨ ਵਾਲੇ ਵਰਕਰ ਅਕਸਰ ਰਾਹੋਂ ਰੋਡ ਦੇ ਗੁਰੂ ਵਿਹਾਰ ਕਾਲੋਨੀ ਨੇੜੇ ਇਕੱਠੇ ਹੁੰਦੇ ਹਨ ਅਤੇ ਇੱਥੋਂ ਉਹ ਸਪਲਾਈ ਕਰਨ ਲਈ ਜਾਂਦੇ ਹਨ। ਅੰਸਾਰੀ ਇਨ੍ਹਾਂ ਪਾਸੋਂ ਨਕਦੀ ਇਕੱਠੀ ਕਰਕੇ ਏਜੰਸੀ ‘ਚ ਜਮ੍ਹਾਂ ਕਰਵਾਉਂਦਾ ਹੈ। ਅੱਜ ਅਨਸਾਰੀ 74 ਹਜ਼ਾਰ ਦੀ ਨਕਦੀ ਇਕੱਠੀ ਕਰਕੇ ਏਜੰਸੀ ਵੱਲ ਜਾ ਰਿਹਾ ਸੀ ਕਿ ਰਸਤੇ ‘ਚ ਉਸ ਨੂੰ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਰੋਕ ਲਿਆ। ਇਨ੍ਹਾਂ ਲੁਟੇਰਿਆਂ ਨੇ ਕਰਿੰਦੇ ਪਾਸੋਂ ਨਕਦੀ ਦੀ ਮੰਗ ਕੀਤੀ, ਜਦੋਂ ਅੰਸਾਰੀ ਨੇ ਨਕਦੀ ਦੇਣ ਤੋਂ ਇਨਕਾਰ ਕੀਤਾ ਤਾਂ ਲੁਟੇਰਿਆਂ ‘ਚੋਂ ਇਕ ਨੇ ਆਪਣੇ ਪਾਸ ਰੱਖੀ ਪਿਸਤੌਲ ਕੱਢ ਲਈ ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਜਦਕਿ ਦੂਜੇ ਲੁਟੇਰੇ ਨੇ ਤੇਜ਼ਧਾਰ ਹਥਿਆਰ ਨਾਲ ਉਸ ‘ਤੇ ਹਮਲਾ ਕਰ ਦਿੱਤਾ। ਦਲੇਰੀ ਦਿਖਾਉਂਦਿਆਂ ਅੰਸਾਰੀ ਨੇ ਉਥੇ ਰੌਲਾ ਪਾ ਦਿੱਤਾ ਤੇ ਰੌਲੇ ਦੀ ਆਵਾਜ਼ ਸੁਣ ਕੇ ਆਸਪਾਸ ਦੇ ਲੋਕ ਉੱਥੇ ਆ ਗਏ, ਜਿਸ ‘ਤੇ ਇਹ ਲੁਟੇਰੇ ਉਥੋਂ ਫ਼ਰਾਰ ਹੋ ਗਏ। ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਵੀ ਮੌਕੇ ‘ਤੇ ਪਹੁੰਚੇ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।