woman climbs water tank: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਇਕ ਔਰਤ ਦਾ ਹਾਈਵੋਲਟੇਜ ਡਰਾਮਾ ਉਸ ਸਮੇਂ ਦੇਖਿਆ ਗਿਆ, ਜਦੋਂ ਉਸ ਨੇ ਪਾਣੀ ਦੀ ਟੈਂਕੀ ‘ਤੇ ਚੜ੍ਹ ਕੇ ਹੱਥ ‘ਚ ਪੈਟਰੋਲ ਦੀ ਬੋਤਲ ਫੜ ਪੁਲਿਸ ਨੂੰ ਧਮਕੀਆਂ ਦੇ ਰਹੀ ਸੀ, ਜਿਸ ਕਾਰਨ ਪੁਲਿਸ ‘ਚ ਹਫੜਾ-ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ। ਕਾਫੀ ਸਮੇਂ ਤੱਕ ਔਰਤ ਨੇ ਹਾਈਵੋਲਟੇਜ ਡਰਾਮਾ ਕਰਦੀ ਰਹੀ ਫਿਰ ਪੁਲਿਸ ਅਧਿਕਾਰੀਆਂ ਨੇ ਸੂਝਬੂਝ ਨਾਲ ਔਰਤ ਨੂੰ ਸਮਝਾਇਆ ਤੇ ਪਾਣੀ ਦੀ ਟੈਂਕੀ ਤੋਂ ਸਹੀ ਸਲਾਮਤ ਹੇਠਾ ਉਤਾਰਿਆ।
ਦੱਸਣਯੋਗ ਹੈ ਕਿ ਇਹ ਘਟਨਾ ਖੰਨਾ ਦੀ ਸਬਜ਼ੀ ਮੰਡੀ ਸਥਿਤ ਪੰਜਾਬ ਮੰਡੀ ਬੋਰਡ ਦੀ ਪਾਣੀ ਵਾਲੀ ਟੈਂਕੀ ‘ਤੇ ਇੱਕ ਔਰਤ ਚੜ੍ਹ ਗਈ, ਜੋ ਖੰਨਾ ਪੁਲਿਸ ‘ਤੇ ਗੰਭੀਰ ਦੋਸ਼ ਲਗਾ ਰਹੀ ਹੈ। ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਐੱਸ.ਪੀ ਮਨਪ੍ਰੀਤ ਸਿੰਘ, ਡੀ.ਐੱਸ.ਪੀ ਰਾਜਨ ਪਰਮਿੰਦਰ ਸਿੰਘ, ਨਾਇਬ ਤਹਿਸੀਲਦਾਰ ਸਮੇਤ ਵੱਡੀ ਗਿਣਤੀ ‘ਚ ਪੁਲਿਸ ਪੁੱਜੀ। ਪੁਲਿਸ ਅਧਿਕਾਰੀਆਂ ਨੇ ਔਰਤ ਨੂੰ ਥੱਲੇ ਉਤਾਰਨ ਦੀ ਅਪੀਲ ਕੀਤੀ ਪਰ ਔਰਤ ਨੇ ਮਿੱਟੀ ਦੇ ਤੇਲ ਦੀਆਂ ਬੋਤਲਾਂ ‘ਤੇ ਮਾਚਿਸ ਦੀ ਡੱਬੀ ਦਿਖਾਉਂਦੇ ਹੋਏ ਚਿਤਾਵਨੀ ਦਿੱਤੀ ਕਿ ਜੇਕਰ ਕਿਸੇ ਨੇ ਟੈਂਕੀ ਉਤੇ ਚੜ੍ਹਨ ਦੀ ਕੋਸ਼ਿਸ਼ ਕੀਤੀ ਤਾਂ ਉਹ ਮਿੱਟੀ ਦਾ ਤੇਲ ਪਾ ਕੇ ਅੱਗ ਲਗਾ ਲਵੇਗੀ। ਮਾਮਲਾ ਕਾਫੀ ਵੱਧ ਗਿਆ। ਇਸ ਦੌਰਾਨ ਫਾਇਰ ਬ੍ਰਿਗੇਡ ਅਤੇ ਸਿਵਲ ਹਸਪਤਾਲ ਦੀ ਟੀਮ ਮੌਕੇ ‘ਤੇ ਪਹੁੰਚੀ। ਪੀੜਤ ਔਰਤ ਨੇ ਦੋਸ਼ ਲਾਉਂਦੇ ਹੋਏ ਕਿਹਾ ਹੈ ਕਿ ਪੁਲਿਸ ਜਾਣ ਬੁੱਝ ਕੇ ਉਸ ਦੇ ਲੜਕੇ ਨੂੰ ਚੋਰੀ ਦੇ ਮਾਮਲੇ ‘ਚ ਫਸਾ ਰਹੀ ਹੈ ਤੇ ਉਸ ਨੂੰ ਥਾਣੇ ‘ਚ ਬੁਲਾ ਕੇ ਉਸ ਨਾਲ ਗ਼ਲਤ ਵਿਵਹਾਰ ਕੀਤਾ ਜਾਂਦਾ ਹੈ। ਪੁਲਿਸ ਦੀ ਸਤਾਈ ਹੋਣ ਕਰਕੇ ਉਹ ਔਰਤ ਨੇ ਪਾਣੀ ਦੀ ਟੈਂਕੀ ਉੱਤੇ ਚੜ੍ਹ ਕੇ ਮਰਨਾ ਚਾਹੁੰਦੀ ਹੈ।
ਇਸ ਦੌਰਾਨ ਡੀ.ਐੱਸ.ਪੀ ਖੰਨਾ ਰਾਜਨ ਪਰਮਿੰਦਰ ਸਿੰਘ ਨੇ ਔਰਤ ਨੂੰ ਸਮਝਾਇਆ ਕਿ ਜੇਕਰ ਉਸ ਦੀ ਸੁਣਵਾਈ ਨਹੀਂ ਹੋ ਰਹੀ ਹੈ ਤਾਂ ਉਹ ਉਚ ਅਧਿਕਾਰੀਆਂ ਨਾਲ ਮੁਲਾਕਾਤ ਕਰ ਸਕਦੀ ਹੈ। ਉਨ੍ਹਾਂ ਕਿਹਾ ਹੈ ਕਿ ਔਰਤ ਵੱਲ਼ੋਂ ਲਾਏ ਜਾ ਰਹੇ ਸਾਰੇ ਦੋਸ਼ਾਂ ਸਬੰਧੀ ਉਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਜਾਵੇ, ਜਿਸ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਪੀੜਤ ਔਰਤ ਨੂੰ ਬਣਦਾ ਇਨਸਾਫ ਦਿੱਤਾ ਜਾਵੇਗਾ।