Navjot Singh Sidhu will be star campaigner : ਨਵੀਂ ਦਿੱਲੀ : ਕਾਂਗਰਸ ਸਰਕਾਰ ਦੇ ਸਾਬਕਾ ਮੰਤਰੀ ਤੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਨੂੰ ਮੱਧ ਪ੍ਰਦੇਸ਼ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਜਿਮਨੀ ਚੋਣਾਂ ਲਈ ਕਾਂਗਰਸ ਦਾ ਸਟਾਰ ਪ੍ਰਚਾਰਕ ਬਣਾਇਆ ਗਿਆ ਹੈ, ਜਿਸ ਸੰਬੰਧੀ ਮੱਧ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕਮਲ ਨਾਥ ਵੱਲੋਂ 30 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਨਵਜੋਤ ਸਿੱਧੂ ਦਾ ਵੀ ਨਾਂ ਸ਼ਾਮਲ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਵਿੱਚ ਪੰਜਾਬ ਤੋਂ ਕਿਸੇ ਵੀ ਹੋਰ ਸਟਾਰ ਪ੍ਰਚਾਰਕ ਦਾ ਨਾਂ ਸ਼ਾਮਲ ਨਹੀਂ ਕੀਤਾ ਗਿਆ ਹੈ।
ਇਥੇ ਦੱਸ ਦੇਈਏ ਕਿ ਪਹਿਲਾਂ ਬਿਹਾਰ ਵਿਧਾਨ ਸਭਾ ਦੀਆਂ ਆਮ ਚੋਣਾਂ ਲਈ ਕਾਂਗਰਸ ਪਾਰਟੀ ਵੱਲੋਂ ਜਾਰੀ ਕੀਤੀ ਗਈ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਪੰਜਾਬ ਤੋਂ ਸਿਰਫ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਸ਼ਾਮਿਲ ਕੀਤਾ ਗਿਆ ਸੀ। ਇਸ ਵਿੱਚ ਨਵਜੋਤ ਸਿੰਘ ਸਿੱਧੂ ਦਾ ਨਾਂ ਸ਼ਾਮਿਲ ਨਾ ਹੋਣ ਦੀ ਸਿਆਸਤ ਵਿੱਚ ਕਾਫੀ ਚਰਚਾ ਹੋਈ ਸੀ। ਕਿਉਂਕਿ ਸਿਆਸਤਾਦਾਨਾਂ ਵਿੱਚੋਂ ਨਵਜੋਤ ਸਿੰਘ ਸਿੱਧੂ ਲੋਕਾਂ ਵਿੱਚ ਹਮੇਸ਼ਾ ਤੋਂ ਹੀ ਹਰਮਨਪਿਆਰੇ ਰਹੇ ਹਨ।
ਦੱਸਣਯੋਗ ਹੈ ਕਿ ਬਿਹਾਰ ਦੇ ਸਟਾਰ ਪ੍ਰਚਾਰਕਾਂ ਵਿੱਚ ਸਿੱਧੂ ਦਾ ਨਾਂ ਨਾ ਹੋਣ ‘ਤੇ ਕਿਆਸ ਲਗਾਏ ਜਾ ਰਹੇ ਸਨ ਕਿ ਹਾਈਕਮਾਂਡ ਦੀ ਸਿੱਧੂ ਤੋਂ ਨਾਰਾਜ਼ਗੀ ਦੇ ਚੱਲਦਿਆਂ ਉਨ੍ਹਾਂ ਦਾ ਨਾਂਅ ਇਸ ਸੂਚੀ ਵਿੱਚੋਂ ਬਾਹਰ ਰੱਖ਼ਿਆ ਗਿਆ ਹੈ। ਸਿੱਧੂ ਲਗਭਗ 17 ਮਹੀਨਿਆਂ ਬਾਅਦ ਕਾਂਗਰਸ ਸਰਕਾਰ ਨਾਲ ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਵਿੱਚ ਟਰੈਕਟਰ ਰੈਲੀ ‘ਚ ਨਜ਼ਰ ਆਏ ਸਨ ਪਰ ਇਸ ਦੌਰਾਨ ਵੀ ਮੋਗਾ ਰੈਲੀ ’ਚ ਪਹਿਲੇ ਹੀ ਦਿਨ ਉਨ੍ਹਾਂ ਦੇ ਵਤੀਰੇ ਤੋਂ ਮੁੱਖ ਮੰਤਰੀ ਸਣੇ ਕਾਂਗਰਸੀ ਮੰਤਰੀ ਉਨ੍ਹਾਂ ਤੋਂ ਨਾਰਾਜ਼ ਹੋ ਗਏ। ਜਿਸ ਤੋਂ ਬਾਅਦ ਅਗਲੇ ਦੋ ਦਿਨਾਂ ਦੀ ਰੈਲੀ ਵਿੱਚ ਉਹ ਸ਼ਾਮਲ ਨਹੀਂ ਹੋਏ।