Schools open Ludhiana today: ਲੁਧਿਆਣਾ (ਤਰਸੇਮ ਭਾਰਦਵਾਜ)- ਆਖਰਕਾਰ ਅੱਜ ਮਹਾਨਗਰ ‘ਚ ਸਕੂਲ ਖੁੱਲ ਗਏ ਹਨ। ਭਾਵੇ ਸਕੂਲਾਂ ‘ਚ 9ਵੀਂ ਤੋਂ ਲੈ ਕੇ 12 ਵੀਂ ਤੱਕ ਹੀ ਵਿਦਿਆਰਥੀ ਪਹੁੰਚ ਰਹੇ ਹਨ ਪਰ ਸਕੂਲ ਖੁੱਲਣ ਦੇ ਨਾਲ ਹੀ ਵਿਦਿਆਰਥੀਆਂ ਦੇ ਚਿਹਰਿਆਂ ‘ਤੇ ਰੌਣਕ ਦੇਖਣ ਨੂੰ ਮਿਲੀ ਹੈ। ਦੱਸ ਦੇਈਏ ਕਿ ਪੰਜਾਬ ਸਰਕਾਰ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਸ਼ਹਿਰ ਦੇ ਸਾਰੇ ਨਿੱਜੀ ਸਕੂਲਾਂ ਨੇ ਪਿਛਲੇ ਹਫਤੇ ਤੋਂ ਹੀ ਸਕੂਲ ਖੋਲ ਦਿੱਤੇ ਸੀ ਪਰ ਨਿੱਜੀ ਸਮੇਤ ਸਰਕਾਰੀ ਸਕੂਲ ਅੱਜ ਭਾਵ ਸੋਮਵਾਰ ਤੋਂ ਖੁੱਲ ਗਏ ਹਨ।
ਕੋਰੋਨਾ ਸਬੰਧੀ ਬਣਾਏ ਗਏ ਨਿਯਮਾਂ ਦਾ ਸਕੂਲਾਂ ਨੇ ਪੂਰੀ ਤਰ੍ਹਾਂ ਪਾਲਣ ਕੀਤਾ ਹੈ। ਸਕ੍ਰੀਨਿੰਗ ਤੋਂ ਬਾਅਦ ਹੱਥ ਸੈਨੇਟਾਈਜ਼ ਕਰਵਾ ਕੇ ਵਿਦਿਆਰਥੀਆਂ ਦੀ ਮੁੱਖ ਗੇਟ ਤੋਂ ਐਂਟਰੀ ਕਰਵਾਈ ਗਈ। ਕਲਾਸਾਂ ‘ਚ ਸਰੀਰਕ ਦੂਰੀ ਦਾ ਧਿਆਨ ਰੱਖਦੇ ਹੋਏ ਵਿਦਿਆਰਥੀਆਂ ਨੂੰ ਬਿਠਾਇਆ ਗਿਆ ਹੈ। ਸਕੂਲ ‘ਚ ਸਾਰੀਆਂ ਕਲਾਸਾਂ ਨੂੰ ਸਮੇਂ-ਸਮੇਂ ਸਿਰ ਸੈਨੇਟਾਈਜ਼ ਕਰਵਾਇਆ ਗਿਆ ਸੀ। ਮਾਸਕ ਲਾਉਣ ਦੇ ਨਾਲ-ਨਾਲ ਵਿਦਿਆਰਥੀ ਆਪਣਾ ਸੈਨੇਟਾਈਜ਼ ਵੀ ਲੈ ਕੇ ਆਉਣ।
ਦੱਸਣਯੋਗ ਹੈ ਕਿ ਵਿਦਿਆਰਥੀਆਂ ਦੇ ਸਕੂਲ ਜਾਣ ਲਈ ਮਾਪਿਆਂ ਨੂੰ ਲਿਖਤੀ ਸਹਿਮਤੀ ਜ਼ਰੂਰੀ ਹੋਵੇਗੀ। ਸਕੂਲ ਦੇ ਸਾਰੇ ਸਟਾਫ ਲਈ ਕੋਵਾ ਐਪ ਇੰਸਟਾਲ ਕਰਨੀ ਜ਼ਰੂਰੀ ਹੋਵੇਗੀ। ਸਰਕਾਰੀ ਸਕੂਲ ਸਵੇਰੇ 8.30 ਵਜੇ ਤੋਂ 2.30 ਵਜੇ ਤੱਕ ਖੁੱਲਣਗੇ। ਇਸ ਦੇ ਨਾਲ ਹੀ ਸਕੂਲਾਂ ‘ਚ ਖੇਡਾਂ ‘ਤੇ ਰੋਕ ਰਹੇਗੀ। ਵਿਦਿਆਰਥੀਆਂ ਦੀ ਸੁਰੱਖਿਆਂ ਨੂੰ ਦੇਖਦੇ ਹੋਏ ਸਾਫ-ਸਫਾਈ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ ਅਤੇ ਫੋਗਿੰਗ ਵੀ ਕਰਵਾਈ ਗਈ ਹੈ। ਇਸ ਦੇ ਨਾਲ ਮਾਪਿਆਂ ਨੂੰ ਕਿਹਾ ਗਿਆ ਹੈ ਕਿ ਜੇਕਰ ਬੱਚੇ ਦੀ ਤਬੀਅਤ ਠੀਕ ਨਹੀਂ ਲੱਗ ਰਹੀ ਹੈ ਤਾਂ ਸਕੂਲ ਨਾ ਭੇਜਣ।