woolen mill factory worker murder: ਲੁਧਿਆਣਾ (ਤਰਸੇਮ ਭਾਰਦਵਾਜ)- ਦਿਨ ਚੜ੍ਹਦਿਆਂ ਹੀ ਮਹਾਨਗਰ ‘ਚ ਉਸ ਸਮੇਂ ਦਹਿਸ਼ਤ ਵਾਲਾ ਮਾਹੌਲ ਪੈਦਾ ਹੋ ਗਿਆ, ਜਦੋਂ ਇੱਥੇ ਵੂਲਨ ਮਿੱਲ ਫੈਕਟਰੀ ‘ਚ ਕੰਮ ਕਰਨ ਵਾਲੇ ਮਜ਼ਦੂਰ ਦਾ ਬੇਰਹਿਮੀ ਨਾਲ ਕਤਲ ਕਰ ਲਾਸ਼ ਜਲੰਧਰ ਰੋਡ ਸਥਿਤ ਬੈਸਟ ਪ੍ਰਾਈਜ਼ ਦੇ ਕੋਲ ਖਾਲੀ ਪਏ ਪਲਾਟ ‘ਚੋਂ ਮਿਲੀ। ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਏ.ਡੀ.ਸੀ.ਪੀ-1 ਪਾਰਿਕ, ਏ.ਸੀ.ਪੀ ਨਾਰਥ ਗੁਰਬਿੰਦਰ ਸਿੰਘ, ਥਾਣਾ ਸਲੇਮ ਟਾਬਰੀ ਮੁਖੀ ਗੋਪਾਲ ਕ੍ਰਿਸ਼ਣ ਸਮੇਤ ਹੋਰ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ। ਮ੍ਰਿਤਕ ਦੇ ਮੂੰਹ ਅਤੇ ਸਿਰ ‘ਤੇ ਤੇਜ਼ਧਾਰ ਦਾਤ ਦੇ ਡੂੰਘੇ ਨਿਸ਼ਾਨ ਮਿਲੇ ਹਨ। ਇਹ ਦੇਖਣ ਤੋਂ ਪਤਾ ਲੱਗ ਰਿਹਾ ਸੀ ਕਿ ਕਤਲ ਕਰਨ ਵਾਲੇ ਨੇ ਉਸ ‘ਤੇ ਤਾਬਤੋੜ ਵਾਰ ਕੀਤੇ ਹਨ। ਦੱਸ ਦੇਈਏ ਕਿ ਮ੍ਰਿਤਕ ਦੀ ਪਹਿਚਾਣ ਗੁਰਨਾਮ ਨਗਰ ਨਿਵਾਸੀ ਉਦੈ ਭਾਨ (55) ਦੇ ਨਾਂ ਨਾਲ ਹੋਈ ਹੈ, ਜੋ ਕਿ ਮੂਲ ਰੂਪ ‘ਚ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ।
ਇੱਥੇ ਉਹ ਭੱਟੀਆਂ ਬੇਟ ਸਥਿਤ ਵੂਲਨ ਮਿੱਲ ‘ਚ ਪਿਛਲੇ 15 ਸਾਲਾਂ ਤੋਂ ਹੈਲਪਰ ਦਾ ਕੰਮ ਕਰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਪਿੰਡ ‘ਚ ਉਸ ਦੀ ਪਤਨੀ ਅਤੇ ਧੀ ਰਹਿੰਦੀਆਂ ਹਨ। ਉਸ ਦੇ ਗੁਆਂਢ ‘ਚ ਰਹਿਣ ਵਾਲੇ ਮਜ਼ਦੂਰਾਂ ਨੇ ਦੱਸਿਆ ਹੈ ਕਿ ਮੰਗਲਵਾਰ ਉਹ ਉਨ੍ਹਾਂ ਨੂੰ ਮਿਲਣ ਲਈ ਪਿੰਡ ਜਾਣ ਵਾਲਾ ਸੀ, ਜਿਸ ਦੇ ਚੱਲਦਿਆਂ ਉਸ ਨੇ ਐਤਵਾਰ ਅਤੇ ਸੋਮਵਾਰ ਖਰੀਦਦਾਰੀ ਕਰਕੇ ਆਪਣੇ ਸਾਮਾਨ ਬੰਨ੍ਹਿਆਂ ਹੋਇਆ ਸੀ ਪਰ ਸੋਮਵਾਰ ਸਾਮ ਸਾਢੇ 4 ਵਜੇ ਦੇ ਕਰੀਬ ਅਚਾਨਕ ਉਹ ਗਾਇਬ ਹੋ ਗਿਆ। ਇਸ ਤੋਂ ਬਾਅਦ ਅੱਜ ਭਾਵ ਮੰਗਲਵਾਰ ਨੂੰ ਸਵੇਰੇ ਲਗਭਗ 7 ਵਜੇ ਕਿਸੇ ਰਾਹਗੀਰ ਨੇ ਜਲੰਧਰ ਰੋਡ ‘ਤੇ ਸਥਿਤ ਬੈਸਟ ਪ੍ਰਾਈਜ ਦੇ ਕੋਲ ਖਾਲੀ ਪਲਾਟ ‘ਚ ਲਾਸ਼ ਦੇਖ ਕੇ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਮੌਕੇ ‘ਤੇ ਪੁਲਿਸ ਪਹੁੰਚੀ ਅਤੇ ਲਾਸ਼ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕੀਤੀ ਹੈ। ਏ.ਡੀ.ਸੀ.ਪੀ ਦੀਪਕ ਪਾਰਿਕ ਨੇ ਦੱਸਿਆ ਹੈ ਕਿ ਫਿਲਹਾਲ ਲਾਸ਼ ਸਿਵਲ ਹਸਪਤਾਲ ‘ਚ ਰਖਵਾ ਦਿੱਤੀ ਗਈ ਅਤੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਇਸ ਦੇ ਨਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਜਾਰੀ ਹੈ।