ludhiana dengue patients increase: ਲੁਧਿਆਣਾ (ਤਰਸੇਮ ਭਾਰਦਵਾਜ)-ਜ਼ਿਲ੍ਹੇ ‘ਚ ਹੁਣ ਡੇਂਗੂ ਦਾ ਕਹਿਰ ਜਾਰੀ ਹੈ। ਬੀਤੇ ਦਿਨ ਭਾਵ ਮੰਗਲਵਾਰ ਨੂੰ ਡੇਂਗੂ ਦੇ 43 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਨੇ ਸਿਹਤ ਵਿਭਾਗ ਦੀ ਚਿੰਤਾ ਵਧਾ ਦਿੱਤੀ ਹੈ। ਇਸ ਦੇ ਨਾਲ ਹੀ ਸਿਹਤ ਵਿਭਾਗ ਵੱਲੋਂ ਲਗਾਤਾਰ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਡੇਂਗੂ ਦੀ ਰੋਕਥਾਮ ਦੇ ਲਈ ਲੋਕਾਂ ਨੂੰ ਸਾਵਧਾਨੀ ਵਰਤਣੀ ਹੋਵੇਗੀ।
ਜ਼ਿਲ੍ਹਾ ਐਪੀਡਿਮੋਲਜੀਸਟ ਡਾ. ਰਮੇਸ਼ ਕੁਮਾਰ ਨੇ ਦੱਸਿਆ ਹੈ ਕਿ ਜ਼ਿਲ੍ਹੇ ‘ਚ ਹੁਣ ਤੱਕ 825 ਡੇਂਗੂ ਦੇ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ ਸ਼ੱਕੀ ਮਰੀਜ਼ਾਂ ਦੀ ਗਿਣਤੀ 1261 ਤੱਕ ਪਹੁੰਚ ਚੁੱਕੀ ਹੈ। ਇਸ ਤੋਂ ਇਲਾਵਾ ਹੋਰ ਜ਼ਿਲ੍ਹਿਆਂ ਤੋਂ 151 ਅਤੇ ਬਾਹਰੀ ਜ਼ਿਲ੍ਹਿਆਂ ਦੇ 27 ਪਾਜ਼ੀਟਿਵ ਡੇਂਗੂ ਦੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਸ ਦਾ ਮਤਲਬ ਕੁੱਲ 1002 ਡੇਂਗੂ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਜਦਕਿ 1528 ਕੁੱਲ ਸ਼ੱਕੀ ਮਰੀਜ਼ ਸਾਹਮਣੇ ਆਏ ਹਨ। ਸਿਹਤ ਵਿਭਾਗ ਦੀ ਐਂਟੀ ਲਾਰਵਾ ਟੀਮਾਂ ਦੁਆਰਾ ਵੱਖ-ਵੱਖ ਥਾਵਾਂ ‘ਤੇ ਜਾ ਕੇ ਜਾਂਚ ਕਰ ਕੇ ਲਾਰਵਾ ਨੂੰ ਨਸ਼ਟ ਕੀਤਾ ਜਾ ਰਿਹਾ ਹੈ।
ਸਿਹਤ ਵਿਭਾਗ ਨੇ ਆਦੇਸ਼ ਦਿੱਤੇ ਹਨ ਕਿ ਪਹਿਲਾਂ ਦੇ ਸਾਲਾਂ ‘ਚ ਜਿਹੜੇ ਇਲਾਕਿਆਂ ‘ਚ ਡੇਂਗੂ ਦੇ ਜਿਆਦਾ ਮਾਮਲੇ ਸਾਹਮਣੇ ਆਏ, ਉਨ੍ਹਾਂ ਦੀ ਇਕ ਲਿਸਟ ਤਿਆਰ ਕੀਤੀ ਜਾਵੇ ਅਤੇ ਉਨ੍ਹਾਂ ਇਲਾਕਿਆਂ ‘ਚ ਐਂਟੀ ਲਾਰਵਾ ਟੀਮ ਨੂੰ ਭੇਜ ਕੇ ਘਰਾਂ ‘ਚ ਬ੍ਰੀਡਿੰਗ ਚੈਕ ਕਰਵਾਈ ਜਾਵੇ। ਡੇਂਗੂ ਦੇ ਮਾਮਲਿਆਂ ਨੂੰ ਵਧਣ ਤੋਂ ਰੋਕਣ ਲਈ ਲੋਕਾਂ ਨੂੰ ਜਾਗਰੂਕ ਕਰਨਾ ਬੇਹੱਦ ਜਰੂਰੀ ਹੈ।