Ludhiana Some factories closure: ਲੁਧਿਆਣਾ (ਤਰਸੇਮ ਭਾਰਦਵਾਜ)-ਪਿਛਲੇ ਕਈ ਦਿਨਾਂ ਤੋਂ ਖੇਤੀ ਬਿੱਲਾਂ ਨੂੰ ਲੈ ਕੇ ਗੁੱਸੇ ‘ਚ ਆਏ ਸੂਬੇ ਭਰ ਦੇ ਕਿਸਾਨਾਂ ਨੇ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਹੋਇਆ ਹੈ, ਜਿਸ ਦੇ ਮੱਦੇਨਜ਼ਰ ਹੁਣ ਲੁਧਿਆਣਾ ਸਮੇਤ ਪੰਜਾਬ ਭਰ ਦੀਆਂ ਫੈਕਟਰੀਆਂ ‘ਤੇ ਸੰਕਟ ਮੰਡਰਾਉਂਦਾ ਨਜ਼ਰ ਆ ਰਿਹਾ ਹੈ। ਇਸ ਦਾ ਪਤਾ ਇਸ ਗੱਲ ਤੋਂ ਲੱਗਦਾ ਹੈ ਕਿ ਹੁਣ ਤੱਕ ਲੁਧਿਆਣਾ ਤੋਂ ਬਾਹਰ ਅਤੇ ਬਾਹਰ ਤੋਂ ਲੁਧਿਆਣਾ ਆਉਣ ਵਾਲੇ ਕਈ ਕੰਟੇਨਰ ਫਸੇ ਹੋਏ ਹਨ, ਕਿਉਂਕਿ ਲੁਧਿਆਣਾ ਤੋਂ ਦੇਸ਼ ਦੇ ਹੋਰਨਾਂ ਸੂਬਿਆਂ ‘ਚ ਜਾਣ ਲਈ 4500 ਤੋਂ ਵੱਧ ਕੰਟੇਨਰ ਖੜ੍ਹੇ ਹਨ, ਜਦੋਂ ਕਿ ਪੰਜਾਬ ‘ਚ ਹੋਰਨਾਂ ਸੂਬਿਆਂ ਤੋਂ 7000 ਤੋਂ ਵੱਧ ਕੰਟੇਨਰ ਆਉਣੇ ਹਨ, ਜੋ ਪਾਣੀਪਤ ਅਤੇ ਹੋਰਨਾਂ ਥਾਵਾਂ ‘ਤੇ ਖੜ੍ਹੇ ਹਨ। ਇਸ ਕਾਰਨ ਵਪਾਰੀ ਵਰਗ ਨੂੰ ਮੰਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਸ ਸਬੰਧੀ ਲੁਧਿਆਣਾ ਦੇ ਕਾਰੋਬਾਰੀਆਂ ਅਤੇ ਕਸਟਮ ਹਾਊਸ ਏਜੰਟ ਐਸੋਸੀਏਸ਼ਨ ਦੇ ਪ੍ਰਧਾਨ ਨੇ ਦੱਸਿਆ ਕਿ ਜੇਕਰ ਇਹੀ ਹਾਲਾਤ ਰਹੇ ਤਾਂ ਲੁਧਿਆਣਾ ਦਾ ਵਪਾਰੀ ਖਤਮ ਹੋ ਜਾਵੇਗਾ ਅਤੇ ਮਜ਼ਦੂਰਾਂ ਨੂੰ ਤਨਖਾਹ ਦੇਣ ਯੋਗ ਪੈਸੇ ਨਹੀਂ ਹੋਣਗੇ। ਐਸੋਸੀਏਸ਼ਨ ਦੇ ਪ੍ਰਧਾਨ ਰਾਜੇਸ਼ ਵਰਮਾ ਨੇ ਦੱਸਿਆ ਕਿ ਲੁਧਿਆਣਾ ਦੇ ਵਪਾਰੀ ਮੰਦੀ ਦੀ ਮਾਰ ਹੇਠ ਹਨ। ਉਨ੍ਹਾਂ ਕਿਹਾ ਕਿ ਹਾਲਾਤ ਖਰਾਬ ਹੁੰਦੇ ਜਾ ਰਹੇ ਹਨ, 11000 ਤੋਂ ਵੱਧ ਕੰਟੇਨਰ ਫਸੇ ਹੋਏ ਹਨ। ਉਨ੍ਹਾਂ ਦੱਸਿਆ ਕਿ ਲੁਧਿਆਣਾ ਦੀਆਂ ਕੁਝ ਫੈਕਟਰੀਆਂ ਤਾਂ ਬੰਦ ਹੋਣ ਕੰਢੇ ਹਨ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਲੁਧਿਆਣਾ ‘ਚ ਗਰਮ ਕੱਪੜੇ ਦਾ ਸੀਜ਼ਨ ਚੱਲਦਾ ਹੈ ਅਤੇ ਹੁਣ ਹਾਲਾਤ ਇਹ ਹੋ ਗਏ ਹਨ ਕਿ ਅਗਲੇ ਸੀਜ਼ਨ ‘ਤੇ ਹੀ ਕੰਮ ਪਹੁੰਚ ਗਿਆ ਹੈ, ਜਿਸ ਦਾ ਵਪਾਰੀਆਂ ਨੂੰ ਵੱਡਾ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਲੁਧਿਆਣਾ ‘ਚ ਸਕ੍ਰੇਪ ਦਾ ਮਾਲ ਵੱਡੀ ਤਦਾਦ ‘ਚ ਆਉਂਦਾ ਹੈ ਪਰ ਟਰੇਨਾ ਬੰਦ ਹੋਣ ਕਰਕੇ ਵਪਾਰ ਖਤਮ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਹਾਲਾਤ ਬਦ ਤੋਂ ਬਦਤਰ ਹੋ ਗਏ ਹਨ।