BJP agriculture bills Garbage pm modi: ਲੁਧਿਆਣਾ (ਤਰਸੇਮ ਭਾਰਦਵਾਜ)- ਜ਼ਿਲ੍ਹੇ ਤੋਂ ਲੋਕ ਸਭਾ ਮੈਂਬਰ ਅਤੇ ਕਾਂਗਰਸ ਦੇ ਨੇਤਾ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਵਿਧਾਨ ਸਭਾ ‘ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਬਿੱਲਾਂ ਨੂੰ ਨਕਾਰ ਦਿੱਤਾ ਗਿਆ ਹੈ, ਇਸ ਲਈ ਪੰਜਾਬ ਦੇ ਭਾਜਪਾ ਆਗੂ ਇਨ੍ਹਾਂ ਬਿੱਲਾਂ ਨੂੰ ਰੱਦੀ ਦੀ ਟੋਕਰੀ ‘ਚ ਪਾ ਕੇ ਦਿੱਲੀ ਜਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇ ਦੇਣ। ਗੱਲਬਾਤ ਕਰਦਿਆਂ ਰਵਨੀਤ ਬਿੱਟੂ ਨੇ ਕਿਹਾ ਕਿ ਭਾਜਪਾ ਨੇ ਲੋਕ ਸਭਾ ‘ਚ ਬੜੇ ਹੀ ਜ਼ੋਰ-ਸ਼ੋਰ ਨਾਲ ਕਿਸਾਨ ਵਿਰੋਧੀ ਖੇਤੀ ਬਿੱਲ ਪਾਸ ਕੀਤੇ ਗਏ ਪਰ ਪੰਜਾਬ ਦੀ ਕਾਂਗਰਸ ਸਰਕਾਰ ਨੇ ਬਿੱਲ ਪਾਸ ਕਰਕੇ ਉਨ੍ਹਾਂ ਨੂੰ ਰੱਦੀ ਬਣਾ ਕੇ ਦੇ ਦਿੱਤਾ ਹੈ ਅਤੇ ਹੁਣ ਅਸੀਂ ਇਹ ਰੱਦੀ ਬਣਿਆ ਬਿੱਲ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਹੋਰਨਾਂ ਆਗੂਆਂ ਨੂੰ ਦੇਵਾਂਗੇ, ਜੋ ਦਿੱਲੀ ਜਾ ਕੇ ਵਾਪਿਸ ਕਰ ਆਉਣ।
ਉਨ੍ਹਾਂ ਕਿਹਾ ਕਿ ਸਾਰੀਆਂ ਹੀ ਪਾਰਟੀਆਂ ਨੇ ਵਿਧਾਨ ਸਭਾ ‘ਚ ਕਿਸਾਨ ਪੱਖੀਂ ਰਵੱਈਆ ਦਿਖਾਇਆ ਪਰ ਹੁਣ ਬਾਹਰ ਜਾ ਕੇ ਸਿਆਸਤ ਕਰਨ ਦਾ ਕੋਈ ਫਾਇਦਾ ਨਹੀਂ ਕਿਉਂਕਿ ਕਾਂਗਰਸ ਸਰਕਾਰ ਨੇ ਕਿਸਾਨ ਹਿਤਾਂ ਲਈ ਸਪੱਸ਼ਟ ਸਟੈਂਡ ਲਿਆ ਅਤੇ ਜੋ ਨਵੇਂ ਬਿੱਲ ਪਾਸ ਕੀਤੇ, ਉਨ੍ਹਾਂ ਅਧੀਨ ਹੁਣ ਕਿਸਾਨਾਂ ਦੀ ਲੁੱਟ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਵਲੋਂ ਅਜੇ ਤਾਂ ਕਿਸਾਨ ਹਿਤਾਂ ਦੀ ਸ਼ੁਰੂਆਤ ਹੈ, ਇਸ ਬਿੱਲ ਉਪਰ ਅਜੇ ਰਾਸ਼ਟਰਪਤੀ ਅਤੇ ਰਾਜਪਾਲ ਦੇ ਦਸਤਖ਼ਤ ਹੋਣੇ ਹਨ ਅਤੇ ਜੇਕਰ ਉਨ੍ਹਾਂ ਪੰਜਾਬ ਦੇ ਪਾਸ ਕੀਤੇ ਗਏ ਬਿੱਲਾਂ ‘ਤੇ ਸਹਿਮਤੀ ਨਾ ਪ੍ਰਗਟਾਈ ਤਾਂ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਦਿੱਲੀ ਜਾ ਕੇ ਪੱਕੇ ਤੌਰ ‘ਤੇ ਧਰਨਾ ਲਾ ਦੇਣਗੇ। ਉਨ੍ਹਾਂ ਨੇ ਕਿਹਾ ਕਿ ਭਾਜਪਾ ਆਗੂਆਂ ਵਲੋਂ ਉਸ ਖਿਲਾਫ਼ ਵੱਖ-ਵੱਖ ਥਾਣਿਆਂ ‘ਚ ਸ਼ਿਕਾਇਤਾਂ ਦਰਜ ਕਰਵਾਈਆਂ ਜਾ ਰਹੀਆਂ ਹਨ ਅਤੇ ਜੇਕਰ ਪਰਚੇ ਵੀ ਦਰਜ ਹੋ ਜਾਂਦੇ ਹਨ ਤਾਂ ਉਹ ਵੀ ਉਨ੍ਹਾਂ ਲਈ ਮੈਡਲਾਂ ਵਰਗੇ ਹਨ ਕਿਉਂਕਿ ਅਸੀਂ ਸਾਰੇ ਹੀ ਪੰਜਾਬੀ ਕਿਸਾਨ ਹਾਂ ਅਤੇ ਸਾਡੇ ਸੂਬੇ ਦੀ ਆਤਮ-ਨਿਰਭਰਤਾ ਕਿਸਾਨੀ ‘ਤੇ ਹੀ ਹੈ।