Top BJP leaders detained : ਜਲੰਧਰ : ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਜਲੰਧਰ ਤੋਂ ਚੰਡੀਗੜ੍ਹ ਤਕ ਕੱਢੇ ਜਾਣ ਵਾਲੀ ‘ਦਲਿਤ ਇਨਸਾਫ਼ ਯਾਤਰਾ’ ਨੂੰ ਉਸ ਸਮੇਂ ਪੁਲਿਸ ਵੱਲੋਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਤਮ ਕਰਵਾ ਦਿੱਤਾ ਗਿਆ, ਜਦੋਂ ਇਸ ਵਿੱਚ ਭਾਰੀ ਹੰਗਾਮਾ ਦੇਖਣ ਨੂੰ ਮਿਲਿਆ। ਪੁਲਿਸ ਨੇ ਰੈਲੀ ਦੀ ਪਰਮਿਸ਼ਨ ਨਾ ਹੋਣ ਕਾਰਨ ਚੋਟੀ ਦੇ ਭਾਜਪਾ ਆਗੂਆਂ ਅਸ਼ਵਨੀ ਸ਼ਰਮਾ ਅਤੇ ਵਿਜੇ ਸਾਂਪਲਾ ਸਣੇ ਕਈ ਭਾਜਪਾ ਆਗੂਆਂ ਨੂੰ ਪੁਲਿਸ ਵੱਲੋਂ ਬੱਸਾਂ ਵਿੱਚ ਬਿਠਾ ਕੇ ਹਿਰਾਸਤ ਵਿੱਚ ਲੈ ਲਿਆ ਗਿਆ। ਇਸ ਦੌਰਾਨ ਪੁਲਿਸ ਤੇ ਵਰਕਰਾਂ ਵਿਚਾਲੇ ਤਲਖੀ ਤੇ ਧੱਕਾ-ਮੁੱਕੀ ਵਾਲਾ ਮਾਹੌਲ ਨਜ਼ਰ ਆਇਆ।
ਦੱਸਣਯੋਗ ਹੈ ਕਿ ਅੱਜ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵਿਰੁੱਧ ਕਥਿਤ ਪੋਸਟ ਮੈਟ੍ਰਿਕ ਸਕਾਲਰਸ਼ਿਪ ਘਪਲੇ ਸੰਬੰਧੀ ਜ਼ਿਲ੍ਹੇ ਦੇ ਸੂਰਿਆ ਐਨਕਲੇਵ ਤੋਂ ਚੰਡੀਗੜ੍ਹ ਤੱਕ ਭਾਜਪਾ ਆਗੂਆਂ ਵੱਲੋਂ ’ਦਲਿਤ ਇਨਸਾਫ ਰੈਲੀ ਕੱਢੀ ਜਾਣੀ ਸੀ। ਉਨ੍ਹਾਂ ਦਾ ਪ੍ਰੋਗਰਾਮ ਮੁੱਖ ਮੰਤਰੀ ਦੀ ਰਿਹਾਇਸ਼ ਨੂੰ ਘੇਰਨ ਦਾ ਸੀ।
ਇਸ ਰੈਲੀ ਨੂੰ ਸਾਬਕਾ ਕੇਂਦਰੀ ਮੰਤਰੀ ਸ੍ਰੀ ਵਿਜੇ ਸਾਂਪਲਾ ਤੋਂ ਇਲਾਵਾ ਪ੍ਰਦੇਸ਼ ਪ੍ਰਧਾਨ ਸ੍ਰੀ ਅਸ਼ਵਨੀ ਸ਼ਰਮਾ ਨੇ ਹਰੀ ਝੰਡੀ ਦੇ ਕੇ ਰਵਾਨਾ ਕਰਨਾ ਸੀ। ਇਸ ਮੌਕੇ ਸਾਬਕਾ ਮੰਤਰੀ ਸ੍ਰੀ ਮਨੋਰੰਜਨ ਕਾਲੀਆ, ਸਾਬਕਾ ਪਾਰਲੀਮਾਨੀ ਸਕੱਤਰ ਸ੍ਰੀ ਕੇ.ਡੀ.ਭੰਡਾਰੀ, ਸ੍ਰੀ ਮਹਿੰਦਰ ਭਗਤ ਅਤੇ ਸੋਮ ਪ੍ਰਕਾਸ਼ ਹੋਰ ਆਗੂਆਂ ਸਣੇ ਭਾਰੀ ਗਿਣਤੀ ਵਿੱਚ ਵਰਕਰ ਇਕੱਠਾ ਹੋਏ ਸਨ।
ਪਰ ਇਸ ਤੋਂ ਪਹਿਲਾਂ ਹੀ ਵੱਡੀ ਗਿਣਤੀ ਵਿੱਚ ਤਾਇਨਾਤ ਪੁਲਿਸ ਫ਼ੋਰਸ ਨੇ ਇਸ ਯਾਤਰਾ ਨੂੰ ਰਸਤੇ ਵਿੱਚ ਹੀ ਰੋਕ ਲਿਆ। ਉਨ੍ਹਾਂ ਦਾ ਕਹਿਣਾ ਸੀ ਕਿ ਭਾਜਪਾ ਆਗੂਆਂ ਕੋਲ ਰੈਲੀ ਕੱਢਣ ਦੀ ਇਜਾਜ਼ਤ ਨਹੀਂ ਹੈ। ਉਨ੍ਹਾਂ ਨੇ ਇਕ ਵਾਹਨ ’ਤੇ ਸਵਾਰ ਪਾਰਟੀ ਦੇ ਚੋਟੀ ਦੇ ਆਗੂਆਂ ਨੂੰ ਹੇਠਾਂ ਉਤਰਵਾ ਕੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਦੌਰਾਨ ਭਾਜਪਾ ਆਗੂਆਂ ਅਤੇ ਪੁਲਿਸ ਵਿਚਕਾਰ ਧੱਕਾ-ਮੁੱਕੀ ਵੀ ਹੋਈ।
ਭਾਜਪਾ ਆਗੂਆਂ ਵੱਲੋਂ ਲਗਾਤਾਰ ਪੁਲਿਸ ਪ੍ਰਸ਼ਾਸਨ ਤੇ ਕਾਂਗਰਸ ਸਰਕਾਰ ਖਿਲਾਫ ਨਾਅਰੇ ਲਗਾਏ ਜਾ ਰਹੇ ਸਨ। ਇਸ ਦੌਰਾਨ ਪੁਲਿਸ ਤੇ ਵਰਕਰਾਂ ਵਿਚਾਲੇ ਲਾਠੀਚਾਰਜ ਹੋਣ ਦੇ ਵੀ ਆਸਾਰ ਬਣ ਰਹੇ ਸਨ। ਇਸ ਦੌਰਾਨ ਕਈ ਵਰਕਰ ਖੁਦ ਅੱਗੇ ਹੋ ਕੇ ਗ੍ਰਿਫਤਾਰੀਆਂ ਦੇ ਰਹੇ ਸਨ ਅਤੇ ਜਿਸ ਬੱਸ ਵਿੱਚ ਹਿਰਾਸਤ ’ਚ ਲਏ ਗਏ ਆਗੂ ਬਿਠਾਏ ਗਏ ਸਨ, ਉਸ ਵਿੱਚ ਚੜ੍ਹ ਰਹੇ ਸਨ।
ਇਸ ਬਾਰੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਕਿਹਾ ਕਿ ਪੰਜਾਬ ਵਿੱਚ ਬਾਕੀ ਲਗਾਏ ਜਾ ਰਹੇ ਧਰਨਿਆਂ ਦੀ ਕਿਹੜੀ ਇਜਾਜ਼ਤ ਲਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਅਸੀਂ ਚਾਰ ਦਿਨ ਪਹਿਲਾਂ ਹੀ 22 ਤਰੀਕ ਦੀ ਇਸ ਰੈਲੀ ਸੰਬੰਧੀ ਐਲਾਨ ਕਰ ਦਿੱਤਾ ਸੀ। ਉਨ੍ਹਾਂ ਨੇ ਪੁਲਿਸ ਦੀ ਕਾਰਵਾਈ ਨੂੰ ਨਾਂਹਪੱਖੀ ਦੱਸਿਆ।
ਇਸ ਬਾਰੇ ਭਾਜਪਾ ਆਗੂ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਦਲਿਤ ਭਾਈਚਾਰੇ ਨੂੰ ਇਨਸਾਫ ਦਿਵਾਉਣ ਤੱਕ ਇਹ ਸੰਘਰਸ਼ ਜਾਰੀ ਰਹੇਗਾ। ਸਰਕਾਰ ਇਸ ਮਾਮਲੇ ਦੀ ਸੀਬੀਆਈ ਜਾਂਚ ਕਰਵਾਏ ਤੇ ਮੰਤਰੀ ਧਰਮਸੋਤ ਖਿਲਾਫ ਕਾਰਵਾਈ ਹੋਵੇ। ਉਨ੍ਹਾਂ ਕਿਹਾ ਕਿ ਪਾਰਟੀ ਦਲਿਤ ਭਾਈਚਾਰੇ ਲਈ ਲੜਦੀ ਰਹੇਗੀ।