ludhiana dussehra ravana corona: ਲੁਧਿਆਣਾ (ਤਰਸੇਮ ਭਾਰਦਵਾਜ)-ਚੰਗਿਆਈ ਦੀ ਬੁਰਾਈ ‘ਤੇ ਜਿੱਤ ਦਾ ਤਿਉਹਾਰ ਦੁਸ਼ਹਿਰਾ ਹਰ ਸਾਲ ਦੇਸ਼ ਭਰ ਚ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਪਰ ਇਸ ਵਾਰ ਕੋਰੋਨਾ ਮਹਾਮਾਰੀ ਕਰਕੇ ਬਹੁਤ ਇਕੱਠ ਤੋਂ ਮਨਾਹੀ ਹੈ, ਜਿਸ ਕਰਕੇ ਰਾਵਣ ਦਾ ਆਕਾਰ ਘਟਾ ਦਿੱਤਾ ਗਿਆ ਹੈ ਅਤੇ ਲੁਧਿਆਣਾ ਦੇ ਦਰੇਸੀ ਗਰਾਊਂਡ ਚ 35 ਫੁੱਟ ਦਾ ਰਾਵਣ ਫੂਕਿਆ ਜਾਣਾ ਹੈ ਜੋ ਪਹਿਲਾ 90 ਫੁੱਟ ਤੋਂ ਵੀ ਉੱਚਾ ਹੁੰਦਾ ਸੀ। ਇਸ ਵਾਰ ਨਾ ਤਾਂ ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਫੂਕੇ ਜਾਣੇ ਹਨ।ਦਰੇਸੀ ਗਰਾਊਂਡ ਦੇ ‘ਚ ਮੁਸਲਿਮ ਪਰਿਵਾਰ ਤਿੰਨ ਮਹੀਨੇ ਪਹਿਲਾਂ ਰਾਵਣ ਦੇ ਪੁਤਲੇ ਬਣਾਉਣ ਦਾ ਕੰਮ ਸ਼ੁਰੂ ਕਰ ਦਿੰਦਾ ਹੈ।
ਰਾਵਣ ਦੇ ਪੁਤਲੇ ਬਣਾਉਣ ਵਾਲੇ ਅਸਗਰ ਅਲੀ ਨੇ ਦੱਸਿਆ ਕਿ ਚਾਰ ਪੀੜ੍ਹੀਆਂ ਤੋਂ ਉਹ ਰਾਵਣ ਬਣਾਉਣ ਦਾ ਕੰਮ ਕਰਦੇ ਨੇ ਹਾਲਾਂਕਿ ਉਨ੍ਹਾਂ ਦੀ ਅਗਲੀ ਪੀੜ੍ਹੀ ਪੜ੍ਹੀ-ਲਿਖੀ ਹੈ ਅਤੇ ਬੇਟਾ ਸੌਫਟਵੇਅਰ ਇੰਜੀਨੀਅਰ ਹੈ ਜਦਕਿ ਬੇਟੀ ਸਰਕਾਰੀ ਨੌਕਰੀ ਕਰਦੀ ਹੈ ਪਰ ਇਸ ਦੇ ਬਾਵਜੂਦ ਆਪਣਾ ਪੁਸ਼ਤੈਨੀ ਕੰਮ ਨਹੀਂ ਛੱਡ ਰਹੇ ਕਿਉਂਕਿ ਇਹ ਆਪਸੀ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ। ਉਨ੍ਹਾਂ ਨੇ ਕਿਹਾ ਕਿ ਤਿੰਨ ਮਹੀਨੇ ਪਹਿਲਾਂ ਰਾਵਣ ਦੇ ਪੁਤਲੇ ਬਣਾਉਣ ਦੀ ਤਿਆਰੀ ਸ਼ੁਰੂ ਹੋ ਜਾਂਦੀ ਹੈ, ਪੰਜਾਬ ਤੋਂ ਇਲਾਵਾ ਉਨ੍ਹਾਂ ਦੇ ਬਣਾਏ ਪੁਤਲੇ ਜੰਮੂ ਕਸ਼ਮੀਰ ਦਿੱਲੀ, ਹਰਿਆਣਾ ਦੇ ਨਾਲ ਚੰਡੀਗੜ੍ਹ ਆਦ ਵੀ ਸਪਲਾਈ ਹੁੰਦੇ ਹਨ। ਅਸਗਰ ਨੇ ਦੱਸਿਆ ਕਿ ਉਨ੍ਹਾਂ ਨੂੰ ਖੁਸ਼ੀ ਹੁੰਦੀ ਹੈ ਕਿ ਹਿੰਦੂ ਧਰਮ ਦੇ ਤਿਉਹਾਰ ਤੇ ਉਹ ਵੀ ਯੋਗਦਾਨ ਪਾਉਂਦੇ ਹਨ।
ਦੂਜੇ ਪਾਸੇ ਅਸਗਰ ਦੇ ਬੇਟੇ ਇਮਰਾਨ ਨੇ ਦੱਸਿਆ ਕਿ ਉਹ ਸਾਫਟਵੇਅਰ ਇੰਜੀਨੀਅਰ ਨੇ ਆਪਣਾ ਪੁਸ਼ਤੈਨੀ ਕੰਮ ਕਰਨ ਉਹਨਾਂ ਨੂੰ ਕੋਈ ਸ਼ਰਮ ਨਹੀਂ। ਉਨ੍ਹਾਂ ਕਿਹਾ ਕਿ ਮਹੀਨਿਆਂ ਦੀ ਮਿਹਨਤ ਤੋਂ ਬਾਅਦ ਇਹ ਰਾਵਣ ਨੂੰ 5 ਮਿੰਟ ‘ਚ ਫੂਕ ਦਿੱਤਾ ਜਾਂਦਾ ਹੈ ਪਰ ਧਰਮ ਲੋਕਾਂ ਦੀਆਂ ਭਾਵਨਾਵਾਂ ਇਸ ਦੇ ਨਾਲ ਜੁੜੀਆਂ ਹੋਈਆ ਹਨ। ਦੱਸਣਯੋਗ ਹੈ ਕਿ ਦੇਸ਼ ਦੇ ‘ਚ ਮੌਜੂਦਾ ਹਾਲਾਤ ਧਰਮਾਂ ਨੂੰ ਵੱਖ-ਵੱਖ ਜ਼ਰੂਰ ਕਰਦੇ ਨੇ ਪਰ ਸਾਡੇ ਰੀਤੀ ਰਿਵਾਜ ਅਤੇ ਤਿਉਹਾਰ ਵੱਖ-ਵੱਖ ਧਰਮਾਂ ਨੂੰ ਇੱਕ ਕਰਨ ਚ ਅਹਿਮ ਭੂਮਿਕਾ ਨਿਭਾਉਂਦੇ ਹਨ, ਸ਼ਾਇਦ ਇਹੀ ਕਾਰਨ ਹੈ ਕਿ ਭਾਰਤ ਤਿਉਹਾਰਾਂ ਦਾ ਦੇਸ਼ ਹੈ ।