ludhiana dengue cases everyday: ਲੁਧਿਆਣਾ (ਤਰਸੇਮ ਭਾਰਦਵਾਜ)-ਸਰਦੀਆਂ ਦੇ ਮੌਸਮ ਦੀ ਦਸਤਕ ਦੇ ਨਾਲ ਹੀ ਸ਼ਹਿਰ ‘ਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵੀ ਵੱਧਣ ਲੱਗੀ ਹੈ। ਸ਼ਹਿਰ ‘ਚ ਰੋਜ਼ਾਨਾ 25-30 ਮਰੀਜ਼ਾਂ ਦੀ ਪੁਸ਼ਟੀ ਹੋ ਰਹੀ ਹੈ। ਦੱਸ ਦੇਈਏ ਕਿ ਜ਼ਿਲ੍ਹੇ ਭਰ ‘ਚ ਡੇਂਗੂ ਦੇ ਸਾਹਮਣੇ ਆਏ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਹਾਲੇ ਤੱਕ ਇੱਥੇ ਫੋਗਿੰਗ ਦੇ ਕੋਈ ਪੁਖਤਾ ਪ੍ਰਬੰਧ ਦੇਖਣ ਨੂੰ ਮਿਲ ਰਹੇ ਹਨ। ਨਗਰ ਨਿਗਮ ਵੱਲੋਂ ਕਾਗਜ਼ਾਂ ‘ਚ ਤਾਂ ਫੋਗਿੰਗ ਦੀ ਪ੍ਰਕਿਰਿਆ ਪੂਰੀ ਕੀਤੀ ਜਾ ਰਹੀ ਹੈ ਪਰ ਅਸਲ ‘ਚ ਤੇਲ ਦੀ ਕਮੀ ਕਾਰਨ ਫੋਗਿੰਗ ਪੂਰੀ ਤਰ੍ਹਾਂ ਨਾਲ ਨਹੀਂ ਹੋ ਰਹੀ ਹੈ। ਸ਼ਹਿਰ ‘ਚ ਫੋਗਿੰਗ ਨਾ ਹੋਣ ਕਾਰਨ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ।
ਦੱਸਣਯੋਗ ਹੈ ਕਿ ਜ਼ਿਲ੍ਹੇ ਭਰ ‘ਚੋਂ ਹੁਣ ਤੱਕ 1157 ਡੇਂਗੂ ਦੇ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ‘ਚੋਂ 923 ਡੇਂਗੂ ਪਾਜ਼ੀਟਿਵ ਮਾਮਲੇ ਲੁਧਿਆਣਾ ਦੇ ਹਨ ਜਦਕਿ 234 ਡੇਂਗੂ ਮਾਮਲੇ ਹੋਰ ਜ਼ਿਲ੍ਹਿਆਂ ਅਤੇ ਸੂਬਿਆਂ ਨਾਲ ਸਬੰਧਿਤ ਹਨ। ਇਸ ਤੋਂ ਇਲਾਵਾ ਜ਼ਿਲ੍ਹੇ ‘ਚ ਹੁਣ ਤੱਕ 1700 ਤੋਂ ਜਿਆਦਾ ਡੇਂਗੂ ਦੇ ਸ਼ੱਕੀ ਮਰੀਜ਼ ਸਾਹਮਣੇ ਆਏ ਹਨ, ਜਿਨ੍ਹਾਂ ‘ਚੋਂ 1377 ਲੁਧਿਆਣਾ ਦੇ ਅਤੇ ਬਾਕੀ ਹੋਰ ਵੱਖ-ਵੱਖ ਇਲਾਕਿਆਂ ਨਾਲ ਸਬੰਧਿਤ ਹਨ। ਮਾਹਰਾਂ ਮੁਤਾਬਕ ਇਸ ਵਾਰ ਡੇਂਗੂ ਦੇ ਆ ਰਹੇ ਮਾਮਲਿਆਂ ‘ਚ ਪਲੇਟਲੈਟਸ ਕਾਫੀ ਘੱਟ ਦੇਖਣ ਨੂੰ ਮਿਲ ਰਹੇ ਹਨ, ਜੋ ਕਿ ਖਤਰਨਾਕ ਸਥਿਤੀ ਹੈ।