ludhiana corona infects deaths: ਲੁਧਿਆਣਾ (ਤਰਸੇਮ ਭਾਰਦਵਾਜ)- ਕੁਝ ਮਹੀਨਿਆਂ ਤੋਂ ਬਾਅਦ ਜ਼ਿਲ੍ਹੇ ਨੂੰ ਕੋਰੋਨਾ ਮਹਾਮਾਰੀ ਨੂੰ ਲੈ ਕੇ ਵੱਡੀ ਰਾਹਤ ਮਿਲੀ ਹੈ। ਜਾਣਕਾਰੀ ਮੁਤਾਬਕ ਇੰਨੇ ਲੰਬੇ ਸਮੇਂ ਬਾਅਦ ਹੁਣ ਜ਼ਿਲ੍ਹੇ ‘ਚ ਕੋਰੋਨਾ ਮਰੀਜ਼ਾਂ ਦੀ ਮੌਤ ਦਾ ਸਿਲਸਿਲਾ ਰੁਕ ਗਿਆ ਹੈ। ਜਾਣਕਾਰੀ ਮੁਤਾਬਕ ਹਫਤੇ ‘ਚ ਦੂਜੀ ਵਾਰ ਅਜਿਹਾ ਹੋਇਆ ਹੈ ਕਿ ਲੁਧਿਆਣਾ ਦੇ ਇਕ ਵੀ ਪਾਜ਼ੀਟਿਵ ਮਰੀਜ਼ ਦੀ ਮੌਤ ਨਹੀਂ ਹੋਈ ਹੈ। ਜ਼ਿਲ੍ਹੇ ‘ਚ ਹੁਣ ਤੱਕ 830 ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਹੋਰ ਜ਼ਿਲ੍ਹਿਆਂ ਅਤੇ ਸੂਬਿਆਂ ਦੇ 306 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਅਗਸਤ ਅਤੇ ਸਤੰਬਰ ਮਹੀਨੇ ‘ਚ ਸਭ ਤੋਂ ਜਿਆਦਾ ਮੌਤਾਂ ਹੋਈਆਂ ਹਨ ਪਰ ਕੋਵਿਡ ਪਾਜ਼ੀਟਿਵ ਆਉਣ ਦੀ ਗਿਣਤੀ ਅਤੇ ਮੌਤਾਂ ਦੇ ਅੰਕੜਿਆਂ ‘ਚ ਗਿਰਾਵਟ ਹੋ ਰਹੀ ਹੈ ਪਰ ਲਾਪਰਵਾਹੀ ਵਰਤਣ ਨਾਲ ਸਥਿਤੀ ਗੰਭੀਰ ਵੀ ਹੋ ਸਕਦੀ ਹੈ। ਦੱਸ ਦੇਈਏ ਕਿ ਬੀਤੇ ਦਿਨ ਸ਼ਨੀਵਾਰ ਨੂੰ 91 ਨਵੇਂ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਸੀ, ਜਿਨ੍ਹਾਂ ‘ਚ ਲੁਧਿਆਣਾ ਦੇ 77 ਮਾਮਲੇ ਜਦਕਿ ਬਾਕੀ ਹੋਰ ਜ਼ਿਲ੍ਹਿਆਂ ਨਾਲ ਸਬੰਧਿਤ ਹਨ।
ਦੱਸਣਯੋਗ ਹੈ ਕਿ ਜ਼ਿਲ੍ਹੇ ‘ਚ ਹੁਣ ਤੱਕ 19967 ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ‘ਚ 18879 ਭਾਵ 94.55 ਫੀਸਦੀ ਮਰੀਜ਼ ਠੀਕ ਹੋ ਚੁੱਕੇ ਹਨ ਜਦਕਿ 258 ਸਰਗਰਮ ਮਾਮਲੇ ਹਨ, ਜਿਨ੍ਹਾਂ ‘ਚ 120 ਮਰੀਜ਼ ਹੋਮ ਆਈਸੋਲੇਸ਼ਨ ‘ਚ ਹਨ, 29 ਸਰਕਾਰੀ ਅਤੇ 32 ਪ੍ਰਾਈਵੇਟ ਹਸਪਤਾਲ ‘ਚ ਭਰਤੀ ਹਨ। ਇਸ ਤੋਂ ਇਲਾਵਾ ਹੋਰ ਜ਼ਿਲ੍ਹਿਆਂ ਅਤੇ ਸੂਬਿਆਂ ਨਾਲ ਸਬੰਧਿਤ 2680 ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ , ਜਿਨ੍ਹਾਂ ‘ਚੋਂ 72 ਸਰਗਰਮ ਮਾਮਲੇ ਹਨ ਜਦਕਿ 306 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਜ਼ਿਲ੍ਹੇ ‘ਚ ਹੁਣ ਤੱਕ 371761 ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ ‘ਚੋਂ 369926 ਦੀ ਰਿਪੋਰਟ ਹਾਸਿਲ ਹੋ ਚੁੱਕੀ ਹੈ, ਇਨ੍ਹਾਂ ‘ਚੋਂ 347279 ਦੀ ਰਿਪੋਰਟ ਨੈਗੇਟਿਵ ਮਿਲ ਚੁੱਕੀ ਹੈ।