Joe Biden slams Donald Trump: ਵਾਸ਼ਿੰਗਟਨ: ਅਮਰੀਕੀ ਚੋਣਾਂ ਵਿਚਾਲੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਡੈਮੋਕਰੇਟਿਕ ਉਮੀਦਵਾਰ ਜੋ ਬਿਡੇਨ ਵਿਚਕਾਰ ਹੋਈ ਬਹਿਸ ਵਿੱਚ ਟਰੰਪ ਨੇ ਭਾਰਤ ਦੀ ਹਵਾ ਨੂੰ ਗੰਦਾ ਦੱਸਿਆ ਸੀ । ਬਿਡੇਨ ਨੇ ਟਰੰਪ ਦੇ ਇਸ ਤੱਥ ਦਾ ਸਖਤ ਵਿਰੋਧ ਜਤਾਇਆ ਹੈ । ਉਨ੍ਹਾਂ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਪਾਰਟੀ ਦੀ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਅਮਰੀਕਾ ਨਾਲ ਭਾਰਤ ਦੀ ਭਾਈਵਾਲੀ ਦਾ ਸਨਮਾਨ ਕਰਦੀ ਹੈ।
ਇਸ ਸਬੰਧੀ ਬਿਡੇਨ ਨੇ ਇੱਕ ਟਵੀਟ ਕੀਤਾ ਕਿ ‘ਰਾਸ਼ਟਰਪਤੀ ਟਰੰਪ ਨੇ ਭਾਰਤ ਨੂੰ ‘ਗੰਦਾ’ ਦੇਸ਼ ਦੱਸਿਆ ਹੈ। ਇਸ ਤਰ੍ਹਾਂ ਨਾਲ ਆਪਣੇ ਦੋਸਤਾਂ ਬਾਰੇ ਗੱਲ ਨਹੀਂ ਕੀਤੀ ਜਾਂਦੀ ਅਤੇ ਇਸ ਤਰ੍ਹਾਂ ਮੌਸਮ ਵਿੱਚ ਤਬਦੀਲੀਆਂ ਵਰਗੀਆਂ ਵਿਸ਼ਵਵਿਆਪੀ ਚੁਣੌਤੀਆਂ ਦਾ ਵੀ ਸਾਹਮਣਾ ਨਹੀਂ ਕੀਤਾ ਜਾਂਦਾ ਹੈ।” ਟਰੰਪ ਨੇ ਦੋ ਦਿਨ ਪਹਿਲਾਂ ਰਾਸ਼ਟਰਪਤੀ ਚੋਣ ਦੀ ਬਹਿਸ ਦੌਰਾਨ ਚੀਨ, ਭਾਰਤ ਅਤੇ ਰੂਸ ਬਾਰੇ ਕਿਹਾ ਸੀ ਕਿ ਇਹ ਦੇਸ਼ ਆਪਣੀ ‘ਗੰਦੀ’ ਹਵਾਵਾਂ ਦਾ ਖਿਆਲ ਨਹੀਂ ਰੱਖ ਰਹੇ ਹਨ।
ਉਨ੍ਹਾਂ ਨੇ ਇੱਕ ਹਫਤਾਵਾਰੀ ਦੇ ਤਾਜ਼ਾ ਅੰਕ ਵਿੱਚ ਪ੍ਰਕਾਸ਼ਿਤ ਹੋਏ ਆਪਣੇ ਲੇਖ ਰਿਟਵੀਟ ਕਰਦਿਆਂ ਸ਼ਨੀਵਾਰ ਨੂੰ ਇੱਕ ਟਵੀਟ ਵਿੱਚ ਕਿਹਾ, “ਕਮਲਾ ਹੈਰਿਸ ਅਤੇ ਮੈਂ ਸਾਡੀ ਭਾਈਵਾਲੀ ਦੀ ਬਹੁਤ ਕਦਰ ਕਰਦੇ ਹਾਂ ਅਤੇ ਅਸੀਂ ਸਾਡੀ ਵਿਦੇਸ਼ ਨੀਤੀ ਵਿੱਚ ਸਨਮਾਨ ਨੂੰ ਫਿਰ ਤੋਂ ਕੇਂਦਰ ਵਿੱਚ ਰੱਖਾਂਗੇ।”
ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਜੇ ਉਹ ਰਾਸ਼ਟਰਪਤੀ ਚੁਣੇ ਜਾਂਦੇ ਹਨ ਤਾਂ ਅਮਰੀਕਾ ਅਤੇ ਭਾਰਤ ਮਿਲ ਕੇ ਹਰ ਤਰ੍ਹਾਂ ਦੇ ਅੱਤਵਾਦ ਵਿਰੁੱਧ ਅਤੇ ਸ਼ਾਂਤੀ ਅਤੇ ਸਥਿਰਤਾ ਦੇ ਅਜਿਹੇ ਖੇਤਰ ਨੂੰ ਉਤਸ਼ਾਹਤ ਕਰਨ ਲਈ ਕੰਮ ਕਰਨਗੇ ਜਿੱਥੇ ਚੀਨ ਜਾਂ ਕੋਈ ਹੋਰ ਦੇਸ਼ ਆਪਣੇ ਗੁਆਂਢੀਆਂ ਨੂੰ ਚੇਤਾਵਨੀ ਨਾ ਦਿੰਦਾ ਹੋਵੇ । ਉਨ੍ਹਾਂ ਕਿਹਾ ਕਿ ਉਹ ਬਜ਼ਾਰ ਖੋਲ੍ਹਣਗੇ ਅਤੇ ਅਮਰੀਕਾ ਅਤੇ ਭਾਰਤ ਵਿੱਚ ਮੱਧ ਵਰਗ ਨੂੰ ਵਧਾਉਣ ਲਈ ਕੰਮ ਕਰਨਗੇ ਅਤੇ ਮੌਸਮ ਵਿੱਚ ਤਬਦੀਲੀ ਵਰਗੀਆਂ ਕੌਮਾਂਤਰੀ ਚੁਣੌਤੀਆਂ ਦਾ ਸਾਹਮਣਾ ਵੀ ਇਕੱਠੇ ਕਰਨਗੇ ।