Obama mocks Trump: ਅਮਰੀਕਾ ਵਿੱਚ ਰਾਸ਼ਟਰਪਤੀ ਅਹੁਦੇ ਲਈ ਹੋਣ ਵਾਲੀ ਵੋਟਿੰਗ ਵਿੱਚ ਅਜੇ ਇੱਕ ਹਫ਼ਤੇ ਦਾ ਸਮਾਂ ਹੀ ਬਾਕੀ ਹੈ। 3 ਨਵੰਬਰ ਨੂੰ ਵੋਟਾਂ ਪੈਣੀਆਂ ਹਨ, ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇੱਕ ਇੰਟਰਵਿਊ ਸੁਰਖੀਆਂ ਦਾ ਵਿਸ਼ਾ ਬਣੀ ਹੋਈ ਹੈ। ਦਰਅਸਲ, ਡੋਨਾਲਡ ਟਰੰਪ ਇਸ ਇੰਟਰਵਿਊ ਨੂੰ ਅੱਧ ਵਿਚਾਲੇ ਛੱਡ ਕੇ ਜਾ ਰਹੇ ਹਨ ਅਤੇ ਐਂਕਰ ਨਾਲ ਉਨ੍ਹਾਂ ਦੀ ਤਿੱਖੀ ਬਹਿਸ ਹੋ ਜਾਂਦੀ ਹੈ। ਜਿਸ ਤੋਂ ਬਾਅਦ ਅਮਰੀਕਾ ਦੀਆਂ ਚੋਣਾਂ ਦੀ ਕਾਫ਼ੀ ਚਰਚਾ ਹੋ ਰਹੀ ਹੈ। ਉੱਥੇ ਹੀ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਵੀ ਇਸ ‘ਤੇ ਤੰਜ ਕਸਿਆ ਹੈ।
ਦਰਅਸਲ, ਪਿਛਲੇ ਦਿਨੀਂ ਆਪਣੀ ਚੋਣ ਮੁਹਿੰਮ ਦੌਰਾਨ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਮਸ਼ਹੂਰ ਸ਼ੋਅ ਵਿੱਚ ਇੰਟਰਵਿਊ ਦਿੱਤੀ ਸੀ। ਇਸ ਸਮੇਂ ਦੌਰਾਨ ਅਮਰੀਕੀ ਪੱਤਰਕਾਰ ਨਾਲ ਡੋਨਾਲਡ ਟਰੰਪ ਦੀ ਇੰਨੀ ਬਹਿਸ ਹੋਈ ਕਿ ਟਰੰਪ ਨੇ ਇੰਟਰਵਿਊ ਨੂੰ ਵਿਚਕਾਰ ਹੀ ਛੱਡ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇੰਟਰਵਿਊ ਦੌਰਾਨ ਪੱਤਰਕਾਰ ਨੇ ਟਰੰਪ ਦੇ ਟਵੀਟ ‘ਤੇ ਸਵਾਲ ਚੁੱਕੇ ਅਤੇ ਨਾਲ ਹੀ ਕਿਹਾ ਕਿ ਰਾਸ਼ਟਰਪਤੀ ਵਜੋਂ ਉਨ੍ਹਾਂ ਦੇ ਟਵੀਟ ਸਹੀ ਨਹੀਂ ਸਨ । ਜਿਸ ‘ਤੇ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਸੋਸ਼ਲ ਮੀਡੀਆ ਦੀ ਤਾਕਤ ਕਾਰਨ ਰਾਸ਼ਟਰਪਤੀ ਬਣੇ ਹਨ ਅਤੇ ਉਹ ਇਸ ਨੂੰ ਨਹੀਂ ਬਦਲਣਗੇ । ਜਿਸ ਤੋਂ ਬਾਅਦ ਟਰੰਪ ਨੇ ਪੱਤਰਕਾਰ ਨੂੰ ਟੋਕਿਆ ਅਤੇ ਕਿਹਾ ਕਿ ਤੁਸੀਂ ਜੋ ਬਿਡੇਨ ਨੂੰ ਵੀ ਅਜਿਹੇ ਸਖਤ ਪ੍ਰਸ਼ਨ ਕਿਉਂ ਨਹੀਂ ਪੁੱਛਦੇ ।
ਇਸ ਤੋਂ ਬਾਅਦ ਟਰੰਪ ਬਹੁਤ ਨਾਰਾਜ਼ ਹੋਏ ਅਤੇ ਉਨ੍ਹਾਂ ਕਿਹਾ ਕਿ ਇਹ ਗੱਲ ਕਰਨ ਦਾ ਕੋਈ ਤਰੀਕਾ ਨਹੀਂ ਹੈ। ਹੁਣ ਬਹੁਤ ਇੰਟਰਵਿਊ ਹੋ ਗਿਆ ਹੈ, ਇਸਨੂੰ ਹੁਣ ਖਤਮ ਕਰੋ। ਟਰੰਪ ਦਾ ਇੰਟਰਵਿਊ ਛੱਡਣ ਵਾਲਾ ਹਿੱਸਾ ਪੂਰੇ ਇੰਟਰਵਿਊ ਦੇ ਟੈਲੀਕਾਸਟ ਹੋਣ ਤੋਂ ਅਗਲੇ ਹੀ ਦਿਨ ਜਾਰੀ ਕੀਤਾ ਗਿਆ । ਜੋ ਕਿ ਹੁਣ ਵਾਇਰਲ ਹੋ ਗਈ ਹੈ।
ਉੱਥੇ ਹੀ ਦੂਜੇ ਪਾਸੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਵੀ ਆਪਣੀ ਇੱਕ ਰੈਲੀ ਵਿਚ ਇਸ ਇੰਟਰਵਿਊ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਟਰੰਪ ਆਪਣੇ ਆਪ ਨੂੰ ਇੱਕ ਮਜ਼ਬੂਤ ਅਤੇ ਸਖ਼ਤ ਨੇਤਾ ਵਜੋਂ ਪੇਸ਼ ਕਰਦੇ ਹਨ, ਪਰ ਜਦੋਂ ਉਨ੍ਹਾਂ ਨੂੰ ਇੱਕ ਜਾਂ ਦੋ ਸਵਾਲ ਪੁੱਛੇ ਗਏ ਤਾਂ ਉਨ੍ਹਾਂ ਦੀ ਸਾਰੀ ਸਖਤੀ ਨਿਕਲ ਗਈ। ਬਰਾਕ ਓਬਾਮਾ ਨੇ ਇਹ ਗੱਲ ਫਲੋਰੀਡਾ ਦੀ ਇੱਕ ਰੈਲੀ ਵਿੱਚ ਕਹੀ, ਜਿੱਥੇ ਉਹ ਜੋ ਬਿਡੇਨ ਅਤੇ ਕਮਲਾ ਹੈਰਿਸ ਲਈ ਚੋਣ ਪ੍ਰਚਾਰ ਕਰ ਰਹੇ ਸਨ।