schools govt teacher corona positive: ਲੁਧਿਆਣਾ (ਤਰਸੇਮ ਭਾਰਦਵਾਜ)- ਜਿੱਥੇ ਕੋਰੋਨਾ ਮਰੀਜ਼ਾਂ ਦੀ ਗਿਣਤੀ ‘ਚ ਲਗਾਤਾਰ ਗਿਰਾਵਟ ਆ ਰਹੀ ਹੈ, ਉੱਥੇ ਹੀ ਜ਼ਿਲ੍ਹੇ ‘ਚ 9 ਦਿਨ ਪਹਿਲਾਂ ਖੋਲੇ ਗਏ ਸਕੂਲਾਂ ‘ਚ ਪਹਿਲਾਂ ਪਾਜ਼ੀਟਿਵ ਮਾਮਲਾ ਸਾਹਮਣੇ ਆਉਣ ਕਾਰਨ ਹਫੜਾ-ਦਫੜੀ ਮਚ ਗਈ ਹੈ। ਜਾਣਕਾਰੀ ਮੁਤਾਬਰ ਸਮਰਾਲਾ ਸੀਨੀਅਰ ਸੈਕੰਡਰੀ ਸਕੂਲ ਬੁਆਇਜ਼ ਦੇ ਟੀਚਰ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ। ਇਸ ਤੋਂ ਬਾਅਦ ਸਕੂਲ ਨੂੰ 7 ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਕੂਲ ‘ਚ ਚੱਲ ਰਹੇ ਓਪਨ ਬੋਰਡ ਦੇ ਐਗਜ਼ਾਮ ਦਾ ਸੈਂਟਰ ਸਰਕਾਰੀ ਸੀਨੀਅਰ ਸਕੂਲ (ਗਰਲਜ਼) ‘ਚ ਸ਼ਿਫਟ ਕੀਤੇ ਗਏ ਹਨ,ਜੋ ਕਿ ਕੁਝ ਹੀ ਦੂਰੀ ‘ਤੇ ਹੈ।ਐੱਸ.ਐੱਮ.ਓ ਸਮਰਾਲਾ ਡਾ.ਤਰਿਕਜੋਤ ਸਿੰਘ ਨੇ ਦੱਸਿਆ ਹੈ ਕਿ ਸਕੂਲ ਖੋਲਣ ਤੋਂ ਬਾਅਦ ਸਾਰੇ ਟੀਚਰਾਂ ਦੇ ਸੈਂਪਲ ਲਏ ਗਏ ਸੀ।
ਸਕੂਲ ‘ਚ ਇਕ ਟੀਚਰ ਦੀ ਰਿਪੋਰਟ ਪਾਜ਼ੀਟਿਵ ਪਾਈ ਗਈ, ਜਿਸ ਨੂੰ ਕੁਆਰੰਟਾਈਨ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਬਾਕੀ ਸਟਾਫ ਦੀ ਦੁਬਾਰਾ ਸੈਂਪਲਿੰਗ ਕਰਵਾਈ ਜਾਵੇਗੀ ਤੇ ਸਕੂਲ ਨੂੰ ਸੈਨੇਟਾਈਜ਼ ਵੀ ਕਰ ਦਿੱਤਾ ਗਿਆ ਹੈ। ਸਕੂਲ ਪ੍ਰਿੰਸੀਪਲ ਦਵਿੰਦਰ ਸਿੰਘ ਨੇ ਦੱਸਿਆ ਹੈ ਕਿ 12ਵੀਂ ਕਲਾਸ ਦੇ ਵਿਦਿਆਰਥੀਆਂ ਦੀ ਆਨਲਾਈਨ ਪੜ੍ਹਾਈ ਹੋਵੇਗੀ। ਦੱਸ ਦੇਈਏ ਕਿ ਮੰਗਲਵਾਰ ਨੂੰ ਲੁਧਿਆਣਾ ‘ਚ ਫਿਰ 61 ਨਵੇਂ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਸੀ, ਜਿਨ੍ਹਾਂ ‘ਚੋਂ 50 ਲੁਧਿਆਣਾ ਨਾਲ ਸਬੰਧਿਤ ਹਨ ਤੇ ਬਾਕੀ 11 ਮਰੀਜ਼ ਬਾਹਰੀ ਜ਼ਿਲ੍ਹਿਆਂ ਅਤੇ ਸੂਬਿਆਂ ਨਾਲ ਸੰਬੰਧਿਤ ਹਨ। ਇਸ ਦੇ ਨਾਲ 5 ਮਰੀਜ਼ਾਂ ਦੀ ਮੌਤ ਹੋਈ ਸੀ, ਜਿਨ੍ਹਾਂ ‘ਚੋਂ 2 ਲੁਧਿਆਣਾ ਦੇ ਹਨ।
ਦੱਸਣਯੋਗ ਹੈ ਕਿ ਲੁਧਿਆਣਾ ‘ਚ ਹੁਣ ਤੱਕ ਸਿਰਫ 1 ਫੀਸਦੀ ਭਾਵ 236 ਹੀ ਸਰਗਰਮ ਮਾਮਲੇ ਹਨ ਅਤੇ 95 ਫੀਸਦੀ ਮਾਮਲੇ ਸਿਹਤਯਾਬ ਹੋ ਚੁੱਕੇ ਹਨ। ਜ਼ਿਲ੍ਹੇ ਭਰ ‘ਚੋਂ ਹੁਣ ਤੱਕ 20096 ਸਰਗਰਮ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ 19026 ਮਰੀਜ਼ ਸਿਹਤਯਾਬ ਹੋ ਚੁੱਕੇ ਹਨ ਅਤੇ 834 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।