Joint committee parliamentary panel: ਨਵੀਂ ਦਿੱਲੀ: ਟਵਿੱਟਰ ਦੇ ਨੁਮਾਇੰਦੇ ਡੇਟਾ ਪ੍ਰੋਟੈਕਸ਼ਨ ਬਾਰੇ ਸੰਯੁਕਤ ਸੰਸਦੀ ਕਮੇਟੀ ਦੇ ਸਾਹਮਣੇ ਪੇਸ਼ ਹੋਏ ਹਨ। ਸੰਯੁਕਤ ਸੰਸਦੀ ਕਮੇਟੀ ਨੇ ਭਾਰਤ ਦੇ ਮੈਪ ਨੂੰ ਟਵਿੱਟਰ ‘ਤੇ ਗਲਤ ਤਰੀਕੇ ਨਾਲ ਦਰਸਾਏ ਜਾਣ ਬਾਰੇ ਲਿਖਤੀ ਜਵਾਬ ਮੰਗਿਆ ਹੈ। ਟਵਿੱਟਰ ਨੇ ਲੱਦਾਖ ਨੂੰ ਜੀਓ ਟੈਗਿੰਗ ਵਿੱਚ ਚੀਨ ਦਾ ਹਿੱਸਾ ਦਿਖਾਇਆ ਸੀ। ਕਮੇਟੀ ਨੇ ਕਿਹਾ ਕਿ ਇਹ ਕਾਨੂੰਨੀ ਤੌਰ ‘ਤੇ ਅਪਰਾਧਿਕ ਮਾਮਲਾ ਹੈ। ਇਹ ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ ਦੀ ਖੁੱਲ੍ਹੀ ਉਲੰਘਣਾ ਹੈ ਅਤੇ ਇਸ ਵਿੱਚ ਸੱਤ ਸਾਲ ਤੱਕ ਦੀ ਸਜ਼ਾ ਦਾ ਪ੍ਰਬੰਧ ਹੈ। ਟਵਿੱਟਰ ਨੂੰ ਹੁਣ ਇੱਕ ਲਿਖਤੀ ਜਵਾਬ ਦੇਣਾ ਪਵੇਗਾ ਅਤੇ ਦੱਸਣਾ ਪਏਗਾ ਕਿ ਉਸ ਨੇ ਕਿਵੇਂ ਭਾਰਤ ਦੇ ਹਿੱਸੇ ਲਦਾਖ ਨੂੰ, ਚੀਨ ਦਾ ਹਿੱਸਾ ਦਿਖਾਇਆ ਹੈ। ਟਵਿੱਟਰ ਦੀ ਤਰਫੋਂ, ਸੁੱਗੁਪਤ ਕਾਮਰਾਨ, ਪੱਲਵੀ ਵਾਲੀਆ, ਮਨਵਿੰਦਰ ਬਾਲੀ ਅਤੇ ਆਯੁਸ਼ੀ ਕਪੂਰ ਸੰਸਦੀ ਕਮੇਟੀ ਦੇ ਸਾਹਮਣੇ ਪੇਸ਼ ਹੋਏ ਸਨ।
ਕਮੇਟੀ ਨੇ ਟਵਿੱਟਰ ਨੂੰ ਪੁੱਛਿਆ ਕਿ ਉਹ ਕਿਵੇਂ ਕਿਸੇ ਸਮੱਗਰੀ ਨੂੰ ਹਟਾਉਂਦੇ ਹਨ, ਕਿਵੇਂ ਕਿਸੇ ਵੀ ਗੱਲਬਾਤ ਨੂੰ ਮਿਊਟ ਕਰਦੇ ਹਨ। ਇਸ ਦੌਰਾਨ ਟਵਿੱਟਰ ਤੋਂ ਇਸਦੀ ਪ੍ਰਕਿਰਿਆ, ਕਾਨੂੰਨਾਂ, ਨਿਯਮਾਂ ਅਤੇ ਕਿਵੇਂ ਫੈਸਲਾ ਲਿਆ ਜਾਂਦਾ ਹੈ ਇਸ ਬਾਰੇ ਪੁੱਛਿਆ ਗਿਆ। ਇਸ ਦੌਰਾਨ ਗੱਲਬਾਤ ਵਿੱਚ ਟਵਿੱਟਰ ਵਲੋਂ ਟਵਿੱਟਰ ਇੰਡੀਆ ਨੂੰ ਟਵਿੱਟਰ ਤੋਂ ਵੱਖ ਦੱਸਿਆ ਗਿਆ ਹੈ। ਅਜਿਹੀ ਸਥਿਤੀ ਵਿੱਚ ਸੰਸਦੀ ਕਮੇਟੀ ਨੇ ਟਵਿੱਟਰ ਦੇ ਕਾਰਪੋਰੇਟ ਢਾਂਚੇ ਬਾਰੇ ਸਵਾਲ ਪੁੱਛੇ। ਸੰਸਦ, ਸੰਸਦੀ ਕਮੇਟੀ ਨੇ ਅਮੇਜ਼ਨ, ਪੇਟੀਐਮ ਅਤੇ ਗੂਗਲ ਨੂੰ ਪਰਸਨਲ ਡੇਟਾ ਪ੍ਰੋਟੈਕਸ਼ਨ ਬਿੱਲ ਸੰਬੰਧੀ ਸੰਮਨ ਵੀ ਜਾਰੀ ਕੀਤੇ ਹਨ। ਐਮਾਜ਼ਾਨ ਬੁੱਧਵਾਰ ਨੂੰ ਅਤੇ ਪੇਟੀਐਮ-ਗੂਗਲ ਵੀਰਵਾਰ ਨੂੰ ਕਮੇਟੀ ਸਾਹਮਣੇ ਪੇਸ਼ ਹੋਣਗੇ। ਜਾਣਕਾਰੀ ਅਨੁਸਾਰ ਇਸ ਦੌਰਾਨ ਆਈਟੀ ਮੰਤਰਾਲੇ ਦੇ ਅਧਿਕਾਰੀ ਵੀ ਮੌਜੂਦ ਸਨ।