Ludhiana beggar free police commissioner: ਲੁਧਿਆਣਾ (ਤਰਸੇਮ ਭਾਰਦਵਾਜ)- ਜ਼ਿਲ੍ਹੇ ਨੂੰ ਭਿਖਾਰੀ ਮੁਕਤ ਬਣਾਉਣ ਲਈ ਨਵੀਂ ਮੁਹਿੰਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਹੁਣ 11 ਨਵੰਬਰ ਤੋਂ ਬਾਅਦ ਸ਼ਹਿਰ ਦੇ ਚੌਕਾਂ ‘ਚ ਕੋਈ ਵੀ ਭਿਖਾਰੀ ਨਹੀਂ ਦਿਖੇਗਾ। ਇਹ ਕੰਮ ਪੁਲਿਸ ਵੱਲੋਂ ਕੀਤਾ ਜਾਵੇਗਾ ਤੇ ਸ਼ਹਿਰ ਨੂੰ ਭਿਖਾਰੀ ਮੁਕਤ ਬਣਾਉਣ ਲਈ ਪੁਲਿਸ ਪੂਰੀ ਤਰ੍ਹਾਂ ਨਾਲ ਵਚਨਬੱਧ ਹੈ।
ਇਸ ਸਬੰਧੀ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਪੁਲਿਸ ਵਲੋਂ ਹੁਣ ਭਿਖਾਰੀਆਂ ਖ਼ਿਲਾਫ਼ ਮੁਹਿੰਮ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਰਦੀਆਂ ਦੇ ਮੌਸਮ ‘ਚ ਭਿਖਾਰੀ ਬਾਹਰਲੇ ਸ਼ਹਿਰਾਂ ਤੋਂ ਵੀ ਇੱਥੇ ਆ ਜਾਂਦੇ ਹਨ, ਕਿਉਂਕਿ ਸ਼ਹਿਰ ‘ਚ ਲੋਕ ਇਨ੍ਹਾਂ ਨੂੰ ਕੰਬਲ ਦਿੰਦੇ ਹਨ। ਕੰਬਲ ਲੈਣ ਦੇ ਲਾਲਚ ‘ਚ ਭਾਰੀ ਗਿਣਤੀ ‘ਚ ਇਹ ਭਿਖਾਰੀ ਸ਼ਹਿਰ ‘ਚ ਆਉਂਦੇ ਹਨ ਅਤੇ ਹਰੇਕ ਭਿਖਾਰੀ 30 ਦੇ ਕਰੀਬ ਕੰਬਲ ਇਕੱਠੇ ਕਰਕੇ ਵਾਪਸ ਆਪਣੇ ਸ਼ਹਿਰਾਂ ‘ਚ ਚਲੇ ਜਾਂਦੇ ਹਨ। ਪੁਲਿਸ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਸਾਰੇ ਐੱਸ.ਐੱਚ.ਓ ਨੂੰ ਇਨ੍ਹਾਂ ਭਿਖਾਰੀਆਂ ਦੀ ਤਸਦੀਕ ਕਰਵਾਉਣ ਲਈ ਕਿਹਾ ਗਿਆ। ਉਨ੍ਹਾਂ ਦੱਸਿਆ ਕਿ ਇਕ ਸਾਲ ਤੋਂ ਘੱਟ ਸਮਾਂ ਰਹਿਣ ਵਾਲੇ ਭਿਖਾਰੀਆਂ ਨੂੰ ਉਨ੍ਹਾਂ ਦੇ ਪਿੰਡ ਭੇਜਿਆ ਜਾਵੇਗਾ, ਜਦਕਿ ਸਰੀਰਕ ਪੱਖੋਂ ਕਮਜ਼ੋਰ ਭਿਖਾਰੀਆਂ ਨੂੰ ਸ਼ੈਲਟਰ ਹੋਮ ‘ਚ ਭੇਜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਅਜਿਹੇ ਬੱਚਿਆਂ ਨੂੰ ਵੀ ਬਾਲ ਸੁਧਾਰ ਘਰ ਭੇਜਿਆ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਿਖਾਰੀਆਂ ਨੂੰ ਭੀਖ ਨਾ ਦੇਣ ਅਤੇ ਇਸ ਕੰਮ ‘ਚ ਪੁਲਿਸ ਦੀ ਮਦਦ ਕਰਨ।