weather forecast cold nights: ਲੁਧਿਆਣਾ (ਤਰਸੇਮ ਭਾਰਦਵਾਜ)-ਸ਼ਹਿਰ ‘ਚ ਕੁਝ ਦਿਨਾਂ ਤੋਂ ਤਾਪਮਾਨ ‘ਚ ਇਕ ਦਮ ਗਿਰਾਵਟ ਆਉਣ ਨਾਲ ਰਾਤ ਨੂੰ ਠੰਢ ਵੱਧ ਗਈ ਹੈ। ਤਾਪਮਾਨ ਆਮ ਨਾਲੋਂ 3-4 ਡਿਗਰੀ ਸੈਲਸੀਅਸ ਘੱਟ ਰਿਕਾਰਡ ਘੱਟ ਕੀਤਾ ਜਾ ਰਿਹਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ) ਦੇ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਪਿਛਲੇ ਚਾਰ ਦਿਨਾਂ ਤੋਂ ਰਾਤ ਦਾ ਤਾਪਮਾਨ 10 ਤੋਂ 12 ਡਿਗਰੀ ਸੈਲਸੀਅਸ ਦੇ ਵਿਚਕਾਰ ਚੱਲ ਰਿਹਾ ਹੈ ਜਦਕਿ ਇਨ੍ਹੀਂ ਦਿਨੀਂ ਰਾਤ ਨੂੰ ਆਮ ਤੌਰ ‘ਤੇ ਪਾਰਾ 14 ਡਿਗਰੀ ਦੇ ਆਸਪਾਸ ਰਹਿੰਦਾ ਹੈ। ਦੱਸ ਦੇਈਏ ਕਿ ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ‘ਚ ਹੋਈ ਬਰਫ਼ਵਾਰੀ ਦਾ ਅਸਰ ਪੰਜਾਬ ‘ਤੇ ਵੀ ਪਿਆ ਹੈ।
ਪੀ.ਏ.ਯੂ ਤੋਂ ਮਿਲੇ ਅੰਕੜਿਆਂ ਅਨੁਸਾਰ ਪਹਿਲਾਂ ਦੇ ਸਾਲਾਂ ‘ਚ 27 ਅਕਤੂਬਰ ਤੋਂ ਲੈ ਕੇ 30 ਅਕਤੂਬਰ ਦੇ ਵਿਚਕਾਰ ਰਾਤ ਦਾ ਤਾਪਮਾਨ ਹਮੇਸ਼ਾ 14 ਡਿਗਰੀ ਸੈਲਸੀਅਸ ਤੋਂ ਜ਼ਿਆਦਾ ਹੀ ਰਿਹਾ ਹੈ।ਪੀ.ਏ.ਯੂ ਦੇ ਮੌਸਮ ਵਿਗਿਆਨੀਆਂ ਅਨੁਸਾਰ ਆਉਣ ਵਾਲੇ ਦਿਨਾਂ ‘ਚ ਹਾਲੇ ਤਾਪਮਾਨ ਹੋਰ ਡਿੱਗੇਗਾ। ਦੂਸਰੇ ਪਾਸੇ ਦਿਨ ਦਾ ਤਾਪਮਾਨ ਆਮ ਚੱਲ ਰਿਹਾ ਹੈ ਜਦਕਿ 27 ਤੋਂ 30 ਅਕਤੂਬਰ ਦੇ ਵਿਚਕਾਰ ਆਮ ਤੌਰ ‘ਤੇ ਵੱਧ ਤੋਂ ਵੱਧ ਤਾਪਮਾਨ 29 ਤੋਂ 30 ਡਿਗਰੀ ਸੈਲਸੀਅਮ ਦੇ ਵਿਚਕਾਰ ਰਹਿੰਦਾ ਹੈ।
ਪੀ.ਏ.ਯੂ ਦੀ ਮੌਸਮ ਵਿਗਿਆਨੀ ਡਾ. ਪ੍ਰਭਜੋਤ ਕੌਰ ਸਿੱਧੂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਅਗਲੇ ਤਿੰਨ ਦਿਨਾਂ ਤਕ ਮੌਸਮ ਖੁਸ਼ਕ ਰਹੇਗਾ। ਇਸ ਨਾਲ ਦਿਨ ਦਾ ਤਾਪਮਾਨ ਘਟਣ ਦੀ ਸੰਭਾਵਨਾ ਨਹੀਂ ਹੈ, ਪਰ 3 ਨਵੰਬਰ ਤੋਂ ਬਾਅਦ ਮੌਸਮ ਬਦਲੇਗਾ, ਜਿਸ ਤੋਂ ਬਾਅਦ ਰਾਤ ਦੇ ਨਾਲ-ਨਾਲ ਦਿਨ ਦੇ ਤਾਪਮਾਨ ‘ਚ ਵੀ ਗਿਰਾਵਟ ਆਵੇਗੀ।