ludhiana robbers gang arrested: ਲੁਧਿਆਣਾ (ਤਰਸੇਮ ਭਾਰਦਵਾਜ)- ਜ਼ਿਲ੍ਹੇ ‘ਚ ਸੀ.ਆਈ.ਏ ਸਟਾਫ-2 ਦੀ ਟੀਮ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਹੋਇਆ ਲੁੱਟ ਦੀ ਵੱਡੀ ਵਾਰਦਾਤ ਨੂੰ ਸੁਲਝਾ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਹੌਜਰੀ ਫੈਕਟਰੀ ਨੂੰ ਨਿਸ਼ਾਨਾ ਬਣਾਉਣ ਵਾਲਾ ਲੁਟੇਰਾ ਗਿਰੋਹ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਗਿਰੋਹ ਦਾ ਸਰਗਨਾ ਮੁਹੰਮਦ ਜਾਵੇਦ ਉਰਫ ਛੋਟਾ ਡਾਨ ਪਹਿਲਾਂ ਤੋਂ ਹੀ ਪੁਲਿਸ ਦੇ ਹੱਥੇ ਚੜ੍ਹਿਆ ਸੀ। ਹੁਣ ਸੀ.ਆਈ.ਏ-2 ਨੇ ਛੋਟਾ ਡਾਨ ਦੇ ਗਿਰੋਹ ਦੇ 5 ਮੈਂਬਰਾਂ ਨੂੰ ਕਾਬੂ ਕਰ ਲਿਆ ਹੈ। ਦੱਸ ਦੇਈਏ ਕਿ 26 ਅਕਤੂਬਰ ਨੂੰ ਰਾਹੋ ਰੋਡ, ਸੀਢਾ ਟੀ ਪੁਆਇੰਟ ‘ਤੇ ਹੌਜਰੀ ਫੈਕਟਰੀ ਦੇ 2 ਸਕਿਓਰਿਟੀ ਗਾਰਡਾਂ ਨੂੰ ਬੰਧਕ ਬਣਾ ਕੇ ਲੱਖਾਂ ਦਾ ਸਾਮਾਨ ਲੁੱਟਣ ਦੀ ਵਾਰਦਾਤ ਨੂੰ ਮੁਲਜ਼ਮ ਜਾਵੇਦ ਅਤੇ ਉਸ ਦੇ ਗਿਰੋਹ ਨੇ ਹੀ ਕੀਤੀ ਸੀ।
ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੇ ਨਾਂ ਮੁਹੰਮਦ ਜਾਵੇਦ, ਸ਼ੋਇਬ, ਸੋਨੂੰ, ਸਲੀਮ ਅਤੇ ਮੁਹੰਮਦ ਮੁਬਾਰਕ ਹਨ ਜਦਕਿ ਸ਼ਾਹਰੁਖ, ਮੁਸੀਨ, ਹੁਸੈਨ , ਸੋਹਲ, ਬਾਬਰ, ਸਲੀਮ ਬਰਗਰ ਦੀ ਪੁਲਿਸ ਵੱਲੋਂ ਛਾਪੇਮਾਰੀ ਕਰ ਕੇ ਭਾਲ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਦੋਸ਼ੀਆਂ ਕੋਲੋਂ 2 ਦਾਤ, 3 ਰਾਡ, ਇਕ ਮਹਿੰਦਰ ਪਿਕਅਪ, 511 ਜੈਕੇਟ ਅਤੇ 600 ਸਵੈਟ ਸ਼ਰਟ ਬਰਾਮਦ ਕੀਤੀਆਂ ਹਨ। ਗ੍ਰਿਫਤਾਰ ਦੋਸ਼ੀਆਂ ਤੋਂ ਪੁੱਛਗਿੱਛ ਜਾਰੀ ਹੈ ਅਤੇ ਇਸ ਦੌਰਾਨ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਦੱਸਣਯੋਗ ਹੈ ਕਿ 26 ਅਕਤੂਬਰ ਨੂੰ ਰਾਤ ਇਕ ਦਰਜਨ ਤੋਂ ਜਿਆਦਾ ਹਥਿਆਰਬੰਦ ਲੁਟੇਰਿਆਂ ਨੇ ਰਾਹੋ ਰੋਡ ‘ਤੇ ਸ਼ਰਣ ਨਿਟਵਿਅਰ ‘ਚ ਦਾਖਲ ਹੋਏ ਸੀ, ਜਿੱਥੇ ਸਕਿਓਰਿਟੀ ਗਾਰਡਾਂ ਨੂੰ ਬੰਧਕ ਬਣਾ ਕੇ ਲੱਖਾਂ ਰੁਪਇਆਂ ਦਾ ਮਾਲ ਲੁੱਟਿਆ ਸੀ। ਲੁਟੇਰਿਆਂ ਵੱਲ਼ੋਂ ਲੁੱਟਿਆ ਗਿਆ ਇਹ ਮਾਲ ਮਹਿੰਦਰਾ ਗੱਡੀ ‘ਚ ਭਰ ਕੇ ਫਰਾਰ ਹੋ ਗਏ ਸੀ, ਇੱਥੋ ਤੱਕ ਉੱਥੋਂ ਲੁਟੇਰੇ ਸੀ.ਸੀ.ਟੀ.ਵੀ ਕੈਮਰਿਆਂ ਦਾ ਡੀ.ਵੀ.ਆਰ ਅਤੇ ਸਕਿਓਰਿਟੀ ਗਾਰਡ ਦੇ ਮੋਬਇਲ ਫੋਨ ਵੀ ਆਪਣੇ ਨਾਲ ਲੈ ਗਏ ਸੀ ਪਰ ਪੁਲਿਸ ਨੂੰ ਕੋਈ ਸੁਰਾਗ ਨਹੀਂ ਮਿਲਿਆ ਸੀ।ਇਸ ਮਾਮਲੇ ਸਬੰਧੀ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਲੁਧਿਆਣਾ ‘ਚ ਇਸ ਗਿਰੋਹ ਨੇ ਕਈ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਹੈ। ਛੋਟਾ ਡਾਨ ‘ਤੇ ਲੁਧਿਆਣਾ ਤੋਂ ਇਲਾਵਾ ਸਹਾਰਨਪੁਰ ‘ਚ ਲੁੱਟ ਖੋਹ ਦੇ ਮਾਮਲੇ ਦਰਜ ਹਨ । ਇਹ ਲੋਕ ਵਾਰਦਾਤਾਂ ਨੂੰ ਅੰਜ਼ਾਮ ਦੇਣ ਤੋਂ ਬਾਅਦ ਸਹਾਰਨਪੁਰ ਭੱਜ ਜਾਂਦੇ ਸੀ।
ਇੰਝ ਦਿੰਦੇ ਸੀ ਵਾਰਦਾਤ ਨੂੰ ਅੰਜ਼ਾਮ- ਮੁਲਜ਼ਮਾਂ ਨੇ ਪੁਲਿਸ ਨੂੰ ਦੱਸਿਆ ਹੈ ਕਿ ਕਿਸੇ ਵੀ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਪਹਿਲਾਂ ਉਹ ਉਕਤ ਫੈਕਟਰੀ ‘ਤੇ ਨਜ਼ਰ ਰੱਖਦੇ ਸੀ ਅਤੇ ਫਿਰ ਫੈਕਟਰੀ ‘ਚ ਰਾਤ ਦੇ ਸਟਾਫ ਬਾਰੇ ਜਾਣਕਾਰੀ ਹਾਸਿਲ ਕਰਦੇ ਸੀ। ਇਸ ਤੋਂ ਬਾਅਦ ਵਾਰਦਾਤ ਨੂੰ ਅੰਜ਼ਾਮ ਦਿੰਦੇ ਸੀ। ਇੰਨਾ ਹੀ ਨਹੀਂ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਪਹਿਲਾਂ ਫੈਕਟਰੀ ‘ਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੇ ਡੀ.ਵੀ.ਆਰ ਚੋਰੀ ਕਰਦੇ ਸੀ ਤਾਂ ਕਿ ਉਨ੍ਹਾਂ ਦੀ ਪਛਾਣ ਨਾ ਹੋ ਸਕੇ। ਇਸ ਤੋਂ ਬਾਅਦ ਲੁੱਟਿਆ ਹੋਇਆ ਸਾਰਾ ਮਾਲ ਸਿੱਧਾ ਸਹਾਰਨਪੁਰ ਲੈ ਕੇ ਪਹੁੰਚਦੇ ਸੀ, ਜਿੱਥੇ ਜਾ ਕੇ ਲੁੱਟੇ ਹੋਏ ਮਾਲ ਦੀ ਸੇਲ ਲਾ ਲੈਂਦੇ ਸੀ, ਜਿਸ ਤੋਂ ਇੱਕਠੇ ਕੀਤੇ ਗਏ ਪੈਸਿਆਂ ਨਾਲ ਐਸ਼ੋਪ੍ਰਸਤੀ ਕਰਦੇ ਸੀ।