smog conditions created flight canceled: ਲੁਧਿਆਣਾ (ਤਰਸੇਮ ਭਾਰਦਵਾਜ)-ਸ਼ਹਿਰ ‘ਚ ਪਰਾਲੀ ਸਾੜਨ ਦੀਆਂ ਘਟਨਾਵਾਂ ਨਹੀਂ ਰੁਕ ਰਹੀਆਂ ਹਨ। ਇਸ ਦੇ ਚੱਲਦਿਆਂ ਸਥਿਤੀ ਕਾਫੀ ਖਰਾਬ ਹੁੰਦੀ ਜਾ ਰਹੀ ਹੈ ਅਤੇ ਜਿਸ ਦਾ ਅਸਰ ਹੁਣ ਫਲਾਈਟਾਂ ‘ਤੇ ਪੈਂਦਾ ਨਜ਼ਰ ਆ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਅੱਜ ਸਾਹਨੇਵਾਲ ‘ਚ ਫਲਾਈਟ ਰੱਦ ਹੋ ਗਈ ਹੈ, ਜਿਸ ਕਾਰਨ ਦਿੱਲੀ ਤੋਂ 20 ਯਾਤਰੀ ਆਉਣੇ ਸੀ ਜਦਕਿ 13 ਯਾਤਰੀ ਇੱਥੋਂ ਜਾਣੇ ਸੀ। ਅਜਿਹੇ ‘ਚ ਫਲਾਈਟ ਨੂੰ 800 ਮੀਟਰ ਦੀ ਵਿਜ਼ੀਬਿਲਟੀ ਰਹਿਣ ਦੇ ਚੱਲਦਿਆਂ ਲੈਡਿੰਗ ਦੇ ਸਮੇਂ ਆਉਣ ਵਾਲੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਰੱਦ ਕਰ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਸ਼ਹਿਰ ਦੇ ਸਵੇਰ-ਸ਼ਾਮ ਅਤੇ ਰਾਤ ਦੇ ਮੌਸਮ ‘ਚ ਦਿਨ ਦੇ ਮੁਕਾਬਲੇ ਕਾਫੀ ਬਦਲਾਅ ਹੋ ਚੁੱਕਿਆ ਹੈ। ਦਿਨ ‘ਚ ਜਿੱਥੇ ਵੱਧ ਤੋਂ ਵੱਧ ਤਾਪਮਾਨ 29-30 ਡਿਗਰੀ ਚੱਲ ਰਿਹਾ ਸੀ, ਉੱਥੇ ਹੀ ਹੁਣ ਰਾਤ ਨੂੰ 10-11 ਡਿਗਰੀ ਤਾਪਮਾਨ ਰਿਕਾਰਡ ਹੋਣ ‘ਤੇ ਰਾਤ ਦੇ ਸਮੇਂ ਠੰਡ ਕਾਫੀ ਵੱਧਣ ਲੱਗੀ ਹੈ। ਇਸ ਦੇ ਨਾਲ ਸਵੇਰੇ ਅਤੇ ਸ਼ਾਮ ਦੇ ਸਮੇਂ ਧੁੰਦ ਦੇ ਨਾਲ ਪਰਾਲੀ ਸਾੜਨ ਨਾਲ ਧੁੰਦ ਮਿਕਸ ਹੋ ਕੇ ਸਮੋਗ ਵਰਗਾ ਮਾਹੌਲ ਪੈਦਾ ਹੋ ਗਿਆ ਅਤੇ ਜਿਸ ਨਾਲ ਹੁਣ ਵਿਜ਼ੀਬਿਲਟੀ ਵੀ 800 ਮੀਟਰ ਰਹਿ ਗਈ ਹੈ। ਦੱਸ ਦੇਈਏ ਕਿ ਰਨਵੇਅ ‘ਤੇ ਫਲਾਈਟ ਨੂੰ ਘੱਟ ਤੋਂ ਘੱਟ 1500 ਮੀਟਰ ਦੀ ਵਿਜ਼ੀਬਿਲਟੀ ਦੀ ਜ਼ਰੂਰਤ ਹੁੰਦੀ ਹੈ। ਮੌਸਮ ਵਿਭਾਗ ਮੁਤਾਬਕ ਹੁਣ ਇਕ ਹਫਤੇ ਤੱਕ ਮੌਸਮ ਇੰਝ ਹੀ ਬਣਿਆ ਰਹੇਗਾ।