issues firecracker selling licenses: ਲੁਧਿਆਣਾ (ਤਰਸੇਮ ਭਾਰਦਵਾਜ)- ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਸ਼ਹਿਰ ‘ਚ ਪਟਾਕਿਆਂ ਦੀਆਂ ਦੁਕਾਨਾਂ ਲਾਉਣ ਲਈ ਅੱਜ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਡਰਾਅ ਕੱਢੇ ਗਏ। ਮਿਲੀ ਜਾਣਕਾਰੀ ਮੁਤਾਬਕ ਜ਼ਿਲ੍ਹੇ ਦੇ ਬੱਚਤ ਭਵਨ ‘ਚ ਮੀਟਿੰਗ ਹੋਈ, ਜਿੱਥੇ 41 ਦੁਕਾਨਦਾਰਾਂ ਨੂੰ ਅਸਥਾਈ ਲਾਇਸੈਂਸ ਜਾਰੀ ਕੀਤੇ ਗਏ।
ਦੱਸਣਯੋਗ ਹੈ ਕਿ ਪ੍ਰਸ਼ਾਸਨ ਨੂੰ ਪਟਾਕੇ ਵੇਚਣ ਦੇ ਚਾਹਵਾਨ ਦੁਕਾਨਦਾਰਾਂ ਵੱਲੋਂ ਕੁੱਲ 389 ਅਰਜ਼ੀਆਂ ਮਿਲੀਆਂ ਹਨ, ਜਿਨ੍ਹਾਂ ‘ਚੋਂ 41 ਦੁਕਾਨਦਾਰਾਂ ਨੂੰ ਲਾਇਸੈਂਸ ਜਾਰੀ ਕੀਤੇ ਗਏ ਹਨ। ਦੱਸ ਦੇਈਏ ਕਿ ਪਟਾਕੇ ਵੇਚਣ ਦੀ ਸੀਮਤ ਵਿਕਰੀ ਦੀ ਇਜ਼ਾਜਤ ਦੇ ਕੇ ਸਵੱਛ ਅਤੇ ਹਰੀ ਦੀਵਾਲੀ ਦੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਜ਼ਿਲ਼੍ਹਾਂ ਪ੍ਰਸ਼ਾਸਨ ਵੱਲੋਂ ਅੱਜ ਵੱਖ-ਵੱਖ ਇਲਾਕਿਆਂ ‘ਚ ਦੁਕਾਨਦਾਰਾਂ ਨੂੰ ਪਟਾਕੇ ਵੇਚਣ ਲਈ ਅਸਥਾਈ ਲਾਈਸੈਂਸ ਜਾਰੀ ਕੀਤੇ। ਵੇਰਵਿਆਂ ਮੁਤਾਬਕ ਦਾਣਾ ਮੰਡੀ ਸਲੇਮ ਟਾਬਰੀ ਦੀਆਂ 13 ਦੁਕਾਨਾਂ, ਗਲਾਡਾ ਗਰਾਊਂਡ (ਸੈਕਟਰ 39) ‘ਚ 9, ਮਾਡਲ ਟਾਊਨ 5, ਗਲਾਡਾ ਗਰਾਊਂਡ ਦੁਗਰੀ 4, ਲੋਧੀ ਕਲੱਬ 3, ਇਸ ਤੋਂ ਇਲਾਵਾ ਹਮਬਰਨ ਅਤੇ ਖੰਨਾ ‘ਚ ਕ੍ਰਮਵਾਰ 3-3 ਦੁਕਾਨਦਾਰਾਂ ਨੂੰ ਪਟਾਕੇ ਵੇਚਣ ਦਾ ਲਾਇਸੈਂਸ ਮਿਲਿਆਂ ਜਦਕਿ ਜਗਰਾਓ ‘ਚ ਸਿਰਫ 1 ਹੀ ਦੁਕਾਨਦਾਰ ਨੂੰ ਲਾਇਸੈਂਸ ਪ੍ਰਾਪਤ ਹੋਇਆ।
ਇਸ ਦੌਰਾਨ ਪਹੁੰਚੇ ਦੁਕਾਨਦਾਰਾਂ ਨੇ ਇਕ ਪਾਸੇ ਪ੍ਰਸ਼ਾਸਨ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਤੇ ਇਸ ਦੇ ਨਾਲ ਹੀ ਪ੍ਰਸ਼ਾਸਨ ਤੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਅੱਗੇ ਤੋਂ 400 ਤੱਕ ਦੁਕਾਨਾਂ ਨੂੰ ਲਾਇਸੈਂਸ ਜਾਰੀ ਕੀਤੇ ਜਾਣ ਤਾਂ ਇਨ੍ਹਾਂ ਤਿਉਹਾਰਾਂ ‘ਤੇ ਮੋਟੀ ਕਮਾਈ ਕੀਤੀ ਜਾ ਸਕੇ।