food testing wheels van: ਲੁਧਿਆਣਾ (ਤਰਸੇਮ ਭਾਰਦਵਾਜ)-ਲੋਕਾਂ ਨੂੰ ਸਾਫ-ਸੁਥਰੀਆਂ ਅਤੇ ਗੁਣਵੱਤਾ ਭਰਪੂਰ ਖਾਣ-ਪੀਣ ਵਾਲੀਆਂ ਵਸਤੂਆਂ ਮੁਹੱਈਆ ਕਰਵਾਉਣ ਹਿੱਤ ਲਈ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (ਐੱਫ.ਐੱਸ.ਐੱਸ.ਏ.ਆਈ.) ਵੱਲੋਂ ਨਿਵੇਕਲੀ ਪਹਿਲ ਕੀਤੀ ਗਈ ਹੈ। ਦਰਅਸਲ ਇੱਥੇ ਜਾਗਰੂਕਤਾ ਮੁਹਿੰਮ ਤਹਿਤ ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਵੱਲੋਂ ਖੁਰਾਕ ਅਤੇ ਪੀਣ ਵਾਲੇ ਪਦਾਰਥਾਂ ਦੇ ਨਮੂਨਿਆਂ ਦੀ ਜਾਂਚ ਲਈ ਇਕ ‘ਫੂਡ ਸੇਫਟੀ ਵੈਨ’ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤੀ ਗਈ ਹੈ।
ਇਸ ਮੌਕੇ ਜ਼ਿਲ੍ਹਾ ਸਿਹਤ ਅਫ਼ਸਰ ਡਾ.ਰਾਜੇਸ਼ ਗਰਗ ਨੇ ਦੱਸਿਆ ਕਿ ਇਹ ਵੈਨ ਫ਼ੂਡ ਸੇਫ਼ਟੀ ਅਤੇ ਸਟੈਂਡਰਡ ਅਥਾਰਟੀ ਵਲੋਂ ਭੇਜੀ ਗਈ ਹੈ, ਜਿਸ ਦੀ ਮਦਦ ਨਾਲ ਖਾਣ-ਪੀਣ ਵਾਲੀਆਂ ਸਾਰੀਆਂ ਚੀਜ਼ਾਂ ਦੀ ਜਾਂਚ ਕੀਤੀ ਜਾਵੇਗੀ । ਕਿਸੇ ਵੀ ਇਲਾਕੇ ਜਾਂ ਸ਼ਹਿਰ ਦਾ ਕੋਈ ਵੀ ਵਿਅਕਤੀ 50 ਰੁਪਏ ਦੀ ਅਦਾਇਗੀ ਕਰਕੇ ਅਜਿਹੀਆਂ ਵਸਤਾਂ ਦੀ ਜਾਂਚ ਕਰਵਾ ਸਕਦਾ ਹੈ ਅਤੇ ਉਹ 10 ਮਿੰਟ ਦੇ ਅੰਦਰ ਨਤੀਜਾ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਅੱਗੇ ਦੱਸਿਆ ਮਾਈਕਿੰਗ ਦੀ ਮਦਦ ਨਾਲ ਇਸ ਵੈਨ ਰਾਹੀਂ ਜਾਗਰੂਕਤਾ ਵੀ ਕੀਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਇਹ ਖੁਰਾਕ ਸੁਰੱਖਿਆ ਅਤੇ ਭਾਰਤ ਦੇ ਮਾਪਦੰਡ ਅਥਾਰਟੀ ਵਿਭਾਗ ਦੁਆਰਾ ਕੀਤੀ ਗਈ ਵੈਨ ਇਕ ਚੰਗੀ ਪਹਿਲਕਦਮੀ ਹੈ। ਇਸ ਮੌਕੇ ਡਾ: ਐਸ.ਪੀ. ਸਿੰਘ (ਜ਼ਿਲ੍ਹਾ ਸਿਹਤ ਅਤੇ ਪਰਿਵਾਰ ਭਲਾਈ ਅਫਸਰ), ਡਾ. ਹਰਜਿੰਦਰ ਸਿੰਘ (ਜ਼ਿਲ੍ਹਾ ਮਾਸ ਮੀਡੀਆ ਅਤੇ ਸਿੱਖਿਆ ਅਧਿਕਾਰੀ), ਦਲਜੀਤ ਸਿੰਘ (ਡਿਪਟੀ ਮਾਸ ਮੀਡੀਆ ਅਤੇ ਸਿੱਖਿਆ ਅਧਿਕਾਰੀ) ਅਤੇ ਜ਼ਿਲ੍ਹਾ ਲੁਧਿਆਣਾ ਦੇ ਸਮੂਹ ਬੀ.ਈ.ਈ. ਵੀ ਪਹੁੰਚੇ ਸੀ।