how Guru Nanak Dev Ji: ਗੁਰੂ ਨਾਨਕ ਦੇਵ ਸਾਹਿਬ ਜੀ ਮੱਕੇ ਤੋਂ ਵਾਪਸ ਆਉਂਦੇ ਹੋਏ ਹਸਨ ਅਬਦਾਲ ਵਿੱਚ ਇੱਕ ਪਹਾੜੀ ਦੇ ਕੋਲ ਰੁੱਕੇ । ਉਸ ਪਹਾੜੀ ਦੇ ਉਪਰ ਵੱਲੀ ਕੰਦਾਰੀ ਪੀਰ ਰਹਿੰਦਾ ਸੀ। ਭਾਈ ਮਰਦਾਨਾ ਜੀ ਨੇ ਗੁਰੂ ਜੀ ਕਿਹਾ ਕਿ ਮੈਂ ਪਾਣੀ ਪੀ ਆਵਾਂ। ਗੁਰੂ ਜੀ ਨੇ ਕਿਹਾ ਇਸ ਪਹਾੜੀ ਉਪਰ ਇੱਕ ਫਕੀਰ ਰਹਿੰਦਾ ਹੈ ਅਤੇ ਉਸ ਕੋਲ ਪਾਣੀ ਦਾ ਚਸ਼ਮਾ ਹੈ ਕੀ ਪਤਾ ਉਹ ਤੁਹਾਨੂੰ ਪਾਣੀ ਪੀ ਲੈਣ ਦੇਵੇ। ਭਾਈ ਮਰਦਾਨਾ ਜੀ ਪਹਾੜੀ ਤੇ ਗਏ ਅਤੇ ਪਾਣੀ ਪੀਣ ਲਈ ਬੇਨਤੀ ਕੀਤੀ। ਵੱਲੀ ਕੰਦਾਰੀ ਨੇ ਕਿਹਾ ਇਸ ਚਸ਼ਮੇ ਦਾ ਪਾਣੀ ਮੈਂ ਆਪਣੇ ਪੀਣ ਲਈ ਰੱਖਿਆ ਹੈ ਜੇ ਮੈਂ ਇੱਦਾਂ ਹੀ ਪਾਣੀ ਦਿੰਦਾ ਰਿਹਾ ਤਾਂ ਪਾਣੀ ਖਤਮ ਹੋ ਜਾਵੇਗਾ। ਭਾਈ ਮਰਦਾਨਾ ਨੇ ਕਿਹਾ ਕਿ ਥੋੜਾ ਜਿਹਾ ਪਾਣੀ ਦੇ ਦਿਓ ਪਿਆਸ ਬੁਝਾਉਣ ਲਈ ਮੈ ਮੁਸਾਫਿਰ ਹਾਂ ਮੈਨੂੰ ਹੋਰ ਕਿਸੇ ਜਗ੍ਹਾ ਦਾ ਪਤਾ ਨਹੀ । ਵੱਲੀ ਕੰਦਾਰੀ ਨੇ ਮਨ੍ਹਾ ਕਰ ਦਿੱਤਾ।
ਭਾਈ ਮਰਦਾਨਾ ਵਾਪਿਸ ਆਏ ਅਤੇ ਸਾਰਾ ਵਿਰਤਾਂਤ ਦੱਸਿਆ । ਗੁਰੂ ਜੀ ਨੇ ਕਿਹਾ ਕਿ ਉਸ ਨੂੰ ਕਹੋ ਕਿ ਫਕੀਰਾਂ ਨੂੰ ਹੰਕਾਰੀ ਨਹੀਂ ਹੋਣਾ ਚਾਹੀਦਾ । ਖੁਦਾ ਦੀ ਚੀਜ਼ ਨੂੰ ਵੰਡ ਕੇ ਛਕਣਾ ਚਾਹੀਦਾ ਹੈ ਤਾਂ ਉਹ ਵੱਧਦੀ ਹੈ । ਭਾਈ ਮਰਦਾਨਾ ਜੀ ਫਿਰ ਦੁਬਾਰਾ ਗਏ ਅਤੇ ਗੁਰੂ ਜੀ ਵਾਲੇ ਬਚਨ ਦੁਹਰਾਏ । ਵੱਲੀ ਕੰਦਾਰੀ ਮੇ ਅੱਗੋਂ ਕਿਹਾ ਕਿ ਜੇ ਤੇਰੇ ਗੁਰੂ ਪਾਸ ਕੋਈ ਸ਼ਕਤੀ ਹੈ ਤਾਂ ਉਹ ਤੈਨੂੰ ਪਾਣੀ ਕਿਉਂ ਨਹੀਂ ਪਿਲਾ ਸਕਦਾ । ਭਾਈ ਮਰਦਾਨਾ ਜੀ ਨੇ ਫਿਰ ਵਾਪਿਸ ਆ ਕੇ ਸਾਰਾ ਕੁਝ ਦੱਸਿਆ। ਗੁਰੂ ਜੀ ਮੁਸਕੁਰਾਏ ਅਤੇ ਇੱਕ ਪਾਸੇ ਪਏ ਪੱਥਰ ਨੂੰ ਹਟਾਉਣ ਲਈ ਕਿਹਾ । ਪੱਥਰ ਹਟਾਉਣ ਤੇ ਉਥੋਂ ਪਾਣੀ ਦਾ ਚਸ਼ਮਾਂ ਫੁੱਟ ਪਿਆ । ਉਪਰ ਵੱਲੀ ਕੰਦਾਰੀ ਦੀ ਨਜ਼ਰ ਆਪਣੇ ਚਸਮੇ ਤੇ ਪਈ ਉਸਦਾ ਪਾਣੀ ਘੱਟ ਰਿਹਾ ਸੀ। ਵੱਲੀ ਕੰਦਾਰੀ ਨੇ ਨੀਚੇ ਦੇਖਿਆ ਤਾਂ ਭਾਈ ਮਰਦਾਨਾ ਜੀ ਪਾਣੀ ਪੀ ਰਹੇ ਸਨ । ਵੱਲੀ ਕੰਦਾਰੀ ਗੁੱਸੇ ਵਿੱਚ ਆਇਆ ਅਤੇ ਇੱਕ ਵੱਡਾ ਪੱਥਰ ਗੁਰੂ ਜੀ ਵੱਲ ਰੋੜ ਦਿੱਤਾ । ਜਦੋਂ ਪੱਥਰ ਗੁਰੂ ਜੀ ਕੋਲ ਪਹੁੰਚਿਆ ਤਾਂ ਗੁਰੂ ਜੀ ਨੇ ਪੱਥਰ ਨੂੰ ਹੱਥ ਨਾਲ ਰੋਕ ਦਿੱਤਾ । ਹੱਥ ਪੱਥਰ ਵਿਚ ਧਸ ਗਿਆ। ਪੱਥਰ ਰੱੁਕਿਆ ਦੇਖ ਕੇ ਵੱਲੀ ਕੰਦਾਰੀ ਗੁਰੂ ਜੀ ਕੋਲ ਆਇਆ ਅਤੇ ਆਪਣੀ ਗਲਤੀ ਦੀ ਮਾਫੀ ਮੰਗੀ ।