Learn how Guru Nanak Dev Ji: ਗੁਰੂ ਨਾਨਕ ਦੇਵ ਜੀ ਉਦਾਸੀ ਸਮੇਂ ਹਰਿਦੁਆਰ ਪੁੱਜੇ। ਜਿੱਥੇ ਹਿੰਦੂ ਆਪਣੇ ਬਜੁਰਗਾਂ ਦੇ ਅਸਤ ਗੰਗਾ ਦਰਿਆ ਵਿੱਚ ਪਾਉਣ ਜਾਂਦੇ ਹਨ। ਉਹਨਾਂ ਦਾ ਭਰੋਸਾ ਹੈ ਕਿ ਜਿਸ ਦੇ ਅਸਤ ਗੰਗਾ ਵਿੱਚ ਪਾਏ ਜਾਣ ਉਹ ਸਵਰਗ ਵਿੱਚ ਜਾਂਦਾ ਹੈ। ਗੁਰੂ ਜੀ ਨੇ ਉਥੇ ਹਜ਼ਾਰਾਂ ਲੋਕਾਂ ਨੂੰ ਇਸਨਾਨ ਕਰਦੇ ਦੇਖਿਆ। ਗੁਰੂ ਜੀ ਵੀ ਆਪ ਨਹਾਉਣ ਲਈ ਦਰਿਆ ਵਿੱਚ ਉੱਤਰ ਗਏ। ਗੰਗਾ ਵਿੱਚ ਇਸਨਾਨ ਕਰਨ ਵਾਲੇ ਹੱਥਾਂ ਨਾਲ ਦਰਿਆ ਦਾ ਪਾਣੀ ਪੂਰਬ ਦਿੱਸ਼ਾ ਵੱਲ ਸੁੱਟ ਰਹੇ ਸਨ । ਗੁਰੂ ਜੀ ਨੇ ਪੱਛਮ ਵੱਲ ਪਾਣੀ ਸੁੱਟਣਾ ਸ਼ੁਰੂ ਕਰ ਦਿੱਤਾ । ਪੂਰਬ ਵੱਲ ਪਾਣੀ ਸੁਟਣ ਵਾਲੇ ਬਹੁਤ ਹੈਰਾਨ ਹੋਏ। ਉਹਨਾਂ ਵਿੱਚੋ ਇੱਕ ਨੇ ਹਿੰਮਤ ਕਰਕੇ ਪੁਛਿਆ ਭਾਈ ਤੂੰ ਹਿੰਦੂ ਹੈਂ ਜਾਂ ਮੁਸਲਮਾਨ? ਤੈਨੂੰ ਇਹ ਨਹੀਂ ਪਤਾ ਕਿ ਪਾਣੀ ਪੂਰਬ ਵੱਲ ਸੁਟਿਆ ਜਾਂਦਾ। ਗੁਰੂ ਜੀ ਸਵਾਲ ਕਰਨ ਵਾਲੇ ਵੱਲ ਹੋਏ ਅਤੇ ਸਵਾਲ ਕੀਤਾ ਕਿ ਪਾਣੀ ਪੂਰਬ ਵੱਲ ਕਿਉਂ ਸੁੱਟਿਆ ਜਾਂਦਾ ਹੈ।
ਉਸਨੇ ਉਤੱਰ ਦਿੱਤਾ ਕਿ ਸਾਡੇ ਪਿੱਤਰ ਦੇਵ ਲੋਕ ਚ ਰਹਿੰਦੇ ਹਨ ਅਸੀਂ ਉਹਨਾਂ ਨੂੰ ਪਾਣੀ ਦਿੰਦੇ ਹਾਂ। ਗੁਰੂ ਜੀ ਨੇ ਪੁਛਿਆ ਦੇਵ ਲੋਕ ਕਿੰਨੀ ਦੂਰ ਹੈ? ਤਾਂ ਉਸਨੇ ਉਤਰ ਦਿੱਤਾ ਕਿ ਸੂਰਜ ਤੋਂ ਵੀ ਲੱਖਾਂ ਕੋਹਾਂ। ਗੁਰੂ ਜੀ ਨੇ ਕਿਹਾ ਮੈਂ ਤਾਂ ਪੰਜਾਬ ਚ ਆਪਣੇ ਖੇਤਾਂ ਨੂੰ ਪਾਣੀ ਦੇ ਰਿਹਾ ਹਾਂ ਜੋ ਕੁਝ 200 ਕੋਹ ਦੂਰ ਹੈ। ਉਸਨੇ ਕਿਹਾ ਇਹ ਪਾਣੀ ਪੰਜਾਬ ਕਿਵੇਂ ਪਹੁੰਚ ਸਕਦਾ? ਗੁਰੂ ਜੀ ਨੇ ਕਿਹਾ ਜੇ ਤੁਹਾਡਾ ਦਿੱਤਾ ਪਾਣੀ ਲੱਖਾਂ ਕੋਹਾਂ ਪਹੁੰਚ ਸਕਦਾ ਤਾਂ ਮੇਰਾ ਦਿੱਤਾ ਪਾਣੀ ਪੰਜਾਬ ਤੱਕ ਕਿਉਂ ਨਹੀਂ? ਗੁਰੂ ਜੀ ਨੇ ਇਸ ਗੱਲ ਦਾ ਖੰਡਣ ਕੀਤਾ ਅਤੇ ਸਮਝਾਇਆ ਕਿ ਪਾਣੀ ਨੇ ਪਾਣੀ ਵਿੱਚ ਹੀ ਮਿਲ ਜਾਣਾ ਕਿਸੇ ਤੱਕ ਨਹੀਂ ਪਹੁੰਚਣਾ। ਜਿਹਨਾਂ ਨੂੰ ਤਾਂ ਗੱਲ ਸਮਝ ਆਈ ਉਹ ਤਾਂ ਹੱਟ ਗਏ ਪਰ ਬਾਕੀ ਅੱਜ ਤੱਕ ਪੂਰਬ ਦਿਸ਼ਾ ਵੱਲ ਪਾਣੀ ਸੁੱਟ ਰਹੇ ਹਨ।