deteriorating air quality increasing pollution: ਲੁਧਿਆਣਾ (ਤਰਸੇਮ ਭਾਰਦਵਾਜ)- ਸੂਬੇ ਦੀ ਹਵਾ ਇਕ ਵਾਰ ਫਿਰ ਤੋਂ ਜ਼ਹਿਰੀਲੀ ਹੋ ਗਈ ਹੈ, ਜਿੱਥੇ ਪਹਾੜਾਂ ‘ਤੇ ਬਰਫਬਾਰੀ ਦੇ ਕਾਰਨ ਠੰਡ ਵੱਧ ਰਹੀ ਹੈ, ਉੱਥੇ ਹੀ ਸਮੋਗ ਦੇ ਕਾਰਨ ਸਾਹ ਲੈਣ ਸਬੰਧੀ ਅਤੇ ਅੱਖਾਂ ‘ਚ ਜਲਣ ਫਿਰ ਤੋਂ ਵੱਧਣ ਲੱਗੀ ਹੈ। ਖੁੱਲ੍ਹੇ ਇਲਾਕਿਆਂ ‘ਚ ਪੈ ਰਹੀ ਹਲਕੀ ਧੁੰਦ ‘ਚ ਮਿਕਸ ਹੋ ਚੁੱਕਿਆ ਪਰਾਲੀ ਦਾ ਧੂੰਆਂ, ਧੂੜ ਅਤੇ ਗੱਡੀਆਂ-ਫੈਕਟਰੀਆਂ ਦੇ ਪ੍ਰਦੂਸ਼ਣ ਦੇ ਮਿਕਸ ਹੋਣ ਨਾਲ ਸਮੋਗ ਦੇ ਹਾਲਾਤ ਬਣਨ ਨਾਲ ਵਿਜ਼ੀਬਿਲਟੀ 500 ਮੀਟਰ ਤੱਕ ਰਹਿ ਗਈ ਹੈ ਜਦਕਿ ਪ੍ਰਦੂਸ਼ਣ ਇਸ ਸਮੇਂ ਕਾਫੀ ਜਿਆਦਾ ਹਵਾ ‘ਚ ਵੱਧਣ ਨਾਲ ਏਅਰ ਕੁਆਲਿਟੀ ਦੀ ਗੁਣਵੱਤਾ ਵਿਗੜ ਚੁੱਕੀ ਹੈ।
ਲਾਕਡਾਊਨ ਤੋਂ ਬਾਅਦ ਪਹਿਲੀ ਵਾਰ ਪਟਿਆਲਾ ‘ਚ ਪੀ.ਐੱਮ 2.5 ਦਾ ਲੈਵਲ 311 ਤੱਕ ਪਹੁੰਚ ਗਿਆ ਹੈ। ਜਲੰਧਰ ‘ਚ 295, ਅੰਮ੍ਰਿਤਸਰ ‘ਚ 293, ਲੁਧਿਆਣਾ ‘ਚ ਹਵਾ ਪ੍ਰਦੂਸ਼ਣ ਦਾ ਲੈਵਲ 280 ਅਤੇ ਬਠਿੰਡਾ ‘ਚ 239 ਤੱਕ ਰਿਕਾਰਡ ਹੋਇਆ ਹੈ। ਇਸ ਤਰ੍ਹਾਂ ਪੰਜਾਬ ਦੇ 5 ਵੱਡੇ ਸ਼ਹਿਰ ਇਸ ਸਮੇਂ ਪ੍ਰਦੂਸ਼ਣ ਵੱਧਣ ਨਾਲ ਖਰਾਬ ਸਥਿਤੀ ‘ਚ ਆ ਚੁੱਕੇ ਹਨ, ਜੋ ਬੱਚਿਆਂ, ਬਜ਼ੁਰਗਾਂ ਅਤੇ ਔਰਤਾਂ ਦੇ ਲਈ ਕਾਫੀ ਖਤਰਨਾਕ ਮੰਨੀ ਜਾ ਰਹੀ ਹੈ।
ਪਹਾੜਾਂ ‘ਤੇ ਹੋਈ ਤਾਜ਼ਾ ਬਰਫਬਾਰੀ ਤੋਂ ਬਾਅਦ ਸੂਬੇ ‘ਚ ਰਾਤ ਨੂੰ ਠੰਡ ਹੋ ਜਾਂਦੀ ਹੈ ਪਰ ਦਿਨ ਦਾ ਤਾਪਮਾਨ ਹੁਣ ਵੀ ਰਾਤ ਦੇ ਮੁਕਾਬਲੇ ਜਿਆਦਾ ਹੈ। ਮੌਸਮ ਵਿਭਾਗ ਦੀ ਗੱਲ ਕਰੀਏ ਤਾਂ ਅਗਲੇ 5 ਦਿਨਾਂ ਤੱਕ ਬਾਰਿਸ਼ ਨਹੀਂ ਹੋਵੇਗੀ। 9 ਨਵੰਬਰ ਤੋਂ ਬਾਅਦ ਕੁਝ ਥਾਵਾਂ ‘ਤੇ ਬੂੰਦਾਬਾਂਦੀ ਹੋ ਸਕਦੀ ਹੈ। ਮੌਸਮ ਵਿਭਾਗ ਮੁਤਾਬਕ ਸੂਬੇ ਨੂੰ ਸੁੱਕੀ ਠੰਡ ਅਤੇ ਪ੍ਰਦੂਸ਼ਣ ਤੋਂ ਵੀ ਰਾਹਤ ਮਿਲੇਗੀ।