Gautam Gambhir slams Virat Kohli: ਵਿਰਾਟ ਕੋਹਲੀ ਦੀ ਕਪਤਾਨੀ ਵਿੱਚ ਇੱਕ ਵਾਰ ਫਿਰ ਰਾਇਲ ਚੈਲੇਂਜਰਜ਼ ਬੈਂਗਲੁਰੂ ਦਾ ਖਿਤਾਬ ਜਿੱਤਣ ਦਾ ਸੁਪਨਾ ਅਧੂਰਾ ਰਹਿ ਗਿਆ ਹੈ । ਸ਼ੁੱਕਰਵਾਰ ਨੂੰ ਸਨਰਾਈਜ਼ਰਜ਼ ਹੈਦਰਾਬਾਦ ਖਿਲਾਫ ਐਲੀਮੀਨੇਟਰ ਮੈਚ ਵਿੱਚ 6 ਵਿਕਟਾਂ ਨਾਲ ਹਾਰ ਦੇ ਨਾਲ ਹੀ RCB ਦਾ 13ਵੇਂ ਸੀਜ਼ਨ ਵਿੱਚ ਖਤਮ ਹੋ ਗਿਆ। ਸਾਬਕਾ ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਦਾ ਮੰਨਣਾ ਹੈ ਕਿ ਵਿਰਾਟ ਕੋਹਲੀ ਨੂੰ ਆਰਸੀਬੀ ਕਪਤਾਨ ਦੇ ਅਹੁਦੇ ਤੋਂ ਹਟਾ ਦਿੱਤਾ ਜਾਣਾ ਚਾਹੀਦਾ ਹੈ।
ਗੌਤਮ ਗੰਭੀਰ ਆਈਪੀਐਲ ਵਿੱਚ ਕਪਤਾਨ ਵਜੋਂ ਵਿਰਾਟ ਕੋਹਲੀ ਦੇ ਪ੍ਰਦਰਸ਼ਨ ਤੋਂ ਖੁਸ਼ ਨਹੀਂ ਹਨ । ਗੰਭੀਰ ਨੇ ਕਿਹਾ, “ਵਿਰਾਟ ਕੋਹਲੀ ਨੂੰ ਹੁਣ ਕਪਤਾਨੀ ਤੋਂ ਹਟਾ ਦੇਣਾ ਚਾਹੀਦਾ ਹੈ। 8 ਸਾਲਾਂ ਤੋਂ ਵਿਰਾਟ ਟੀਮ ਦੇ ਕਪਤਾਨ ਹਨ ਅਤੇ ਉਹ ਹੁਣ ਤੱਕ ਟੀਮ ਨੂੰ ਇੱਕ ਵੀ ਖਿਤਾਬ ਨਹੀਂ ਦਿਵਾ ਸਕੇ ਹਨ । 8 ਸਾਲ ਲੰਬਾ ਸਮਾਂ ਹੈ ।” ਗੌਤਮ ਨੇ ਵਿਰਾਟ ਕੋਹਲੀ ਦੀ ਕਪਤਾਨੀ ਬਾਰੇ ਬਹੁਤ ਗੰਭੀਰ ਸਵਾਲ ਖੜ੍ਹੇ ਕੀਤੇ ਹਨ । ਉਨ੍ਹਾਂ ਕਿਹਾ, “ਮੈਨੂੰ ਕਿਸੇ ਹੋਰ ਕਪਤਾਨ ਬਾਰੇ ਦੱਸੋ । ਭਾਵੇਂ ਤੁਸੀਂ ਕਪਤਾਨ ਨੂੰ ਛੱਡ ਵੀ ਦਿਓ ਤਾਂ ਫਿਰ ਕਿਸੇ ਵੀ ਖਿਡਾਰੀ ਬਾਰੇ ਦੱਸੋ ਜੋ 8 ਸਾਲਾਂ ਤੋਂ ਖ਼ਿਤਾਬ ਜਿੱਤਣ ਤੋਂ ਬਿਨ੍ਹਾਂ ਕਿਸੇ ਟੀਮ ਵਿੱਚ ਹੋਵੇ।
ਗੌਤਮ ਗੰਭੀਰ ਦੀ ਅਗਵਾਈ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੇ 2012 ਅਤੇ 2014 ਵਿੱਚ ਆਈਪੀਐਲ ਦਾ ਖ਼ਿਤਾਬ ਜਿੱਤਿਆ ਸੀ । ਗੰਭੀਰ ਨੇ ਕਿਹਾ, “ਕੋਹਲੀ ਨੂੰ ਆਪਣੇ ਆਪ ਬਾਹਰ ਆਉਣਾ ਚਾਹੀਦਾ ਹੈ ਅਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਕਿ ਉਸਦੀ ਕਪਤਾਨੀ ਵਿੱਚ ਘਾਟ ਹੈ ਅਤੇ ਉਹ ਜਿੱਤ ਨਹੀਂ ਦਵਾ ਸਕਦਾ।” ਗੰਭੀਰ ਨੇ ਕਪਤਾਨੀ ਦੇ ਪੱਖੋਂ ਕਿੰਗਜ਼ ਇਲੈਵਨ ਪੰਜਾਬ ਦੀ ਮਿਸਾਲ ਦਿੱਤੀ । ਸਾਬਕਾ ਖਿਡਾਰੀ ਨੇ ਕਿਹਾ, ” ਕਿੰਗਜ਼ ਇਲੈਵਨ ਪੰਜਾਬ ਵੱਲ ਦੇਖੋ, ਅਸ਼ਵਿਨ ਦੋ ਸੀਜ਼ਨ ਵਿੱਚ ਜਿੱਤ ਨਾ ਦਵਾ ਸਕਿਆ ਅਤੇ ਉਸ ਨੂੰ ਹਟਾ ਦਿੱਤਾ ਗਿਆ । ਰੋਹਿਤ ਸ਼ਰਮਾ ਪੰਜਵੀਂ ਵਾਰ ਮੁੰਬਈ ਇੰਡੀਅਨਜ਼ ਲਈ ਖਿਤਾਬ ਜਿੱਤਣ ਦੇ ਨੇੜੇ ਹੈ, ਇਸ ਲਈ ਉਹ ਕਪਤਾਨ ਦੇ ਅਹੁਦੇ ‘ਤੇ ਕਾਇਮ ਹੈ।
ਦੱਸ ਦੇਈਏ ਕਿ ਰਾਇਲ ਚੈਲੇਂਜਰਜ਼ ਬੈਂਗਲੁਰੂ ਦੀ ਟੀਮ ਅਜੇ ਤੱਕ ਆਈਪੀਐਲ ਦਾ ਇੱਕ ਵੀ ਖਿਤਾਬ ਨਹੀਂ ਜਿੱਤ ਸਕੀ ਹੈ । ਆਰਸੀਬੀ ਤੋਂ ਇਲਾਵਾ ਦਿੱਲੀ ਕੈਪੀਟਲਸ ਅਤੇ ਕਿੰਗਜ਼ ਇਲੈਵਨ ਪੰਜਾਬ ਨੂੰ ਵੀ ਪਹਿਲੇ ਖਿਤਾਬ ਦੀ ਜਿੱਤ ਦਾ ਇੰਤਜ਼ਾਰ ਹੈ।