Learn how Guru Nanak Dev Ji: ਗੁਰੂ ਨਾਨਕ ਦੇਵ ਜੀ ਅਤੇ ਪਾਂਧੇ ਗੁਪਾਲ ਦੀ ਵਾਰਤਾਲਾਪ ਚੱਲ ਰਹੀ ਸੀ ਤਾਂ ਪਾਂਧੇ ਨੇ ਕਹਿਆ ਹੇ ਨਾਨਕ ਜੀ ਜੋ ਇੱਕ ਪ੍ਰਮੇਸ਼ਰ ਦਾ ਨਾਮ ਲੈਂਦੇ ਹਨ ਉਹਨਾਂ ਨੂੰ ਕੋਈ ਜਾਣਦਾ ਨਹੀਂ ਉਹਨਾਂ ਨੂੰ ਰੋਟੀ ਕਪੜਾ ਵੀ ਜੁੜਦਾ ਨਹੀਂ ਅਤੇ ਇੱਕ ਪਾਸੇ ਪਾਤਸ਼ਾਹੀਆਂ ਕਰਦੇ ਹਨ ਸੁੱਖ ਭੋਗਦੇ ਹਨ ਪ੍ਰਮੇਸ਼ਰ ਨੂੰ ਜਾਣਦੇ ਵੀ ਨਹੀਂ ਉਹਨਾਂ ਦਾ ਕੀ ਹਾਲ ਹੋਏਗਾ ਉਹ ਦੱਸੋ। ਗੁਰੂ ਨਾਨਕ ਜੀ ਆਖਿਆ ਸੁਣੋ ਪਾਂਧਾ ਜੀ ਇੱਕ ਆਉਂਦੇ ਹਨ ਇੱਕ ਜਾਂਦੇ ਹਨ ਇੱਕ ਸ਼ਾਹ ਹਨ ਇੱਕ ਪਾਤਸ਼ਾਹ ਹਨ ਇੱਕ ਉਹਨਾਂ ਦੇ ਦਰਵਾਜੇ ਉੱਪਰ ਭਿਖਿਆ ਮੰਗ ਮੰਗ ਖਾਂਦੇ ਹਨ। ਪਾਂਧਾ ਜੀ ਜੋ ਇੱਥੇ ਪਾਤਸ਼ਾਹੀਆਂ ਭੋਗਦੇ ਹਨ ਅਤੇ ਪ੍ਰਮੇਸ਼ਰ ਨੂੰ ਭੁੱਲ ਕੇ ਬੈਠੇ ਹਨ ਉਹਨਾਂ ਦਾ ਐਸਾ ਹਾਲ ਹੋਵੇਗਾ ਐਸੀ ਸਜਾ ਮਿਲੇਗੀ ਜੈਸੇ ਦਾਣਿਆਂ ਨੂੰ ਚੱਕੀ ਦਿੰਦੀ ਹੈ, ਜੈਸੇ ਤੇਲੀ ਤਿਲਾਂ ਨੂੰ ਦਿੰਦਾ ਹੈ, ਦੁੱਧ ਕੋ ਮਧਾਣੀ ਮੱਥ ਕਰ ਦਿੰਦੀ ਹੈ, ਧੋਬੀ ਕੱਪੜੇ ਨੂੰ ਦਿੰਦਾ ਹੈ। ਸੋ ਪਾਂਧਾ ਜੀ ਜੋ ਪ੍ਰਮੇਸ਼ਰ ਨੂੰ ਜਪਦੇ ਹਨ ਤੇ ਮੰਗ ਕੇ ਖਾਂਦੇ ਹਨ ਉਹਨਾਂ ਨੂੰ ਦਰਗਾਹ ਵਿੱਚ ਵੱਡੀਆਂ ਵਡਿਆਈਆਂ ਮਿਲਣਗੀਆਂ, ਵੱਡਾ ਮਾਣ ਹੋਵੇਗਾ, ਧਰਮਰਾਇਉਹਨਾਂ ਦਾ ਆਦਰ ਕਰਨਗੇ।
ਵਾਰਤਾ ਸੁਣ ਕੇ ਪਾਂਧਾ ਜੀ ਹੈਰਾਨ ਹੋ ਗਏ। ਫਿਰ ਪਾਂਧੇ ਆਖਿਆ ਹੇ ਨਾਨਕ ਤੂੰ ਕੋਈ ਵੱਡੀਆਂ ਭਗਤੀ ਵਾਲੀਆਂ ਵਾਰਤਾ ਕਰਦਾ ਹੈਂ ਅਜੇ ਤਾਂ ਤੂੰ ਬਾਲਕ ਹੈਂ ਕੁਝ ਮਾਤਾ ਪਿਤਾ ਕੁਟੰਬ (ਪਰਿਵਾਰ) ਦਾ ਸੁੱਖ ਦੇਖ ਅਜੇ ਤੂੰ ਗ੍ਰਹਿਸਤ ਕਰਨਾ ਹੈ ਹੁਣੇ ਐਸੀਆਂ ਵਾਰਤਾ ਕਰਦਾ ਹੈਂ। ਤਾਂ ਗੁਰੂ ਨਾਨਕ ਜੀ ਆਖਿਆ ਪਾਂਧਾ ਜੀ ਉਸ ਸਾਹਿਬ ਦਾ ਡਰ ਮੈਨੂੰ ਐਸਾ ਹੈ ਜੋ ਮੇਰੀ ਬੁੱਧੀ ਭੈਮਾਨ ਹੋ ਰਹੀ ਹੈ ਅਤੇ ਮੇਰੀ ਦੇਹ ਖੁਸਦੀ ਪਈ ਹੈ, ਮੇਰਾ ਜੀਉ ਪਇਆ ਕੰਬਦਾ ਹੈ ਜੋ ਇੱਥੇ ਸੁਲਤਾਨ ਖਾਨ ਅਖਵਾਉਂਦੇ ਹਨ ਸੋ ਸਭ ਮਰ ਕੇ ਖਾਕ ਹੁੰਦੇ ਹਨ। ਜਿਹਨਾਂ ਦਾ ਧਰਤੀ ਉੱਪਰ ਹੁਕਮ ਮੰਨੀਦਾ ਸੀ ਜਿਹਨਾਂ ਦੇ ਡਰ ਕਰਕੇ ਪ੍ਰਿਥਵੀ ਭੈਮਾਨ ਹੁੰਦੀ ਸੀ ਸੋ ਉੱਠ ਗਏ ਮਰ ਕੇ ਖਾਕ ਹੋ ਗਏ ਹਨ। ਸੁਣੋ ਪਾਂਧਾ ਜੀ ਕੂੜਾ ਸਨੇਹ ਕਿਸ ਨਾਲ ਕਰਾਂ ਅਸੀ ਵੀ ਸਰੀਰ ਛੱਡ ਜਾਵਾਂਗੇ ਇਹ ਸਰੀਰ ਵੀ ਖਾਕ ਹੋ ਜਾਵੇਗਾ ਇਸ ਸੰਸਾਰ ਨਾਲ ਕੂੜਾ ਸਨੇਹ ਕਿਉਂ ਕਰਨਾ ਹੈ ਉਸ ਸਾਹਿਬ ਦੀ ਬੰਦਗੀ ਕਰਨੀ ਚਾਹੀਦੀ ਹੈ ਜੋ ਸਭ ਨੂੰ ਜਨਮ ਦਿੰਦਾ ਹੈ , ਪਾਲ਼ਦਾ ਹੈ ਫਿਰ ਸੰਘਾਰਤਾ ਹੈ ਉਸ ਪ੍ਰਮੇਸ਼ਰ ਨਾਲ ਪ੍ਰੀਤ ਕਰਨੀ ਚਾਹੀਦੀ ਹੈ। ਇਹ ਬਚਨ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਘਰ ਨੂੰ ਚਲੇ ਗਏ।