takecare expiry date buying sweets: ਲੁਧਿਆਣਾ (ਤਰਸੇਮ ਭਾਰਦਵਾਜ)-ਤਿਉਹਾਰੀ ਸੀਜ਼ਨ ਹੋਵੇ ਅਤੇ ਭਲਾ ਮਿਠਾਈ ਘਰ ਨਾ ਹੋਵੇ, ਇਹ ਕਿਵੇ ਹੋ ਸਕਦਾ ਹੈ। ਜੀ ਹਾਂ ਅਸਲੀ ਤਿਉਹਾਰੀ ਸੀਜ਼ਨ ਦਾ ਮਜ਼ਾ ਤਾਂ ਘਰ ‘ਚ ਮਿਠਾਈ ਆ ਜਾਣ ਨਾਲ ਹੀ ਆਉਂਦਾ ਹੈ। ਇਸ ਸਾਲ ਜਿੱਥੇ ਇਕ ਪਾਸੇ ਕੋਵਿਡ-19 ਦਾ ਦੌਰ ਚੱਲ ਰਿਹਾ ਹੈ, ਉੱਥੇ ਹੀ ਫੂਡ ਸੇਫਟੀ ਸਟੈਂਡਰਡ ਅਥਾਰਿਟੀ ਆਫ ਇੰਡੀਆਂ ਵੱਲੋਂ ਵੀ ਕੁਝ ਨਵੀਂ ਪਹਿਲਕਦਮੀ ਕੀਤੀ ਗਈ ਹੈ ਤਾਂ ਜੋ ਲੋਕਾਂ ਦੀ ਸਿਹਤ ਦਾ ਖਿਆਲ਼ ਰੱਖਿਆ ਜਾਵੇ। ਇੱਥੋ ਤੱਕ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਦੁਕਾਨਦਾਰਾਂ ਲਈ ਵੀ ਨਵਾਂ ਪ੍ਰਵਧਾਨ ਕੀਤਾ ਗਿਆ ਹੈ। ਦਰਅਸਲ ਤਿਉਹਾਰੀ ਸੀਜ਼ਨ ਦੌਰਾਨ ਲੋਕਾਂ ਦੀ ਸਿਹਤ ਦੀ ਧਿਆਨ ਰੱਖਦੇ ਹੋਏ ਫੂਡ ਸੇਫਟੀ ਸਟੈਂਡਰਡ ਅਥਾਰਿਟੀ ਆਫ ਇੰਡੀਆ (ਐੱਫ.ਐੱਸ.ਐੱਸ.ਆਈ) ਵੱਲੋਂ ਮਠਿਆਈਆਂ ਵੇਚਣ ਵਾਲੇ ਦੁਕਾਨਦਾਰਾਂ 1 ਅਕਤੂਬਰ ਤੋਂ ਖੁੱਲੇ ‘ਚ ਵਿਕਣ ਵਾਲੀਆਂ ਮਿਠਾਈਆਂ ‘ਤੇ ਰੋਕ ਲਾਈ ਗਈ ਹੈ। ਇਸ ਦੇ ਨਾਲ ਹੀ ਮਠਿਆਈਆਂ ‘ਤੇ ਐਕਸਪਾਇਰੀ ਤਾਰੀਕ ਲਿਖਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਸੀ। ਇਨ੍ਹਾਂ ਨਿਯਮਾਂ ਦਾ ਪਾਲਣ ਕਰਨਾ ਜ਼ਰੂਰੀ ਕੀਤਾ ਗਿਆ ਸੀ। ਇਸ ਤੋਂ ਇਲਾਵਾ ਜੇਕਰ ਕੋਈ ਵੀ ਦੁਕਾਨਦਾਰ ਇਸ ਦਾ ਪਾਲਣ ਨਹੀਂ ਕਰਦਾ ਤਾਂ ਇਸ ਖਿਲਾਫ ਸਖਤੀ ਵਰਤਦੇ ਹੋਏ ਲਾਇਸੰਸ ਰੱਦ ਕਰ ਦਿੱਤਾ ਜਾਵੇਗਾ।
ਦੱਸਣਯੋਗ ਹੈ ਕਿ ਰੱਖੜੀ ਦੇ ਤਿਉਹਾਰ ‘ਤੇ ਮਠਿਆਈ ਦੇ ਕਾਰੋਬਾਰ ‘ਚ ਬਦਲਾਅ ਹੋਇਆ ਅਤੇ ਨਰਾਤਿਆਂ ਦੇ ਨਾਲ ਹੀ ਤਿਉਹਾਰੀ ਸੀਜ਼ਨ ਸ਼ੁਰੂ ਹੋ ਜਾਣ ਨਾਲ ਕਾਰੋਬਾਰ ਹੋਰ ਵੀ ਸੁਚਾਰੂ ਹੋ ਗਿਆ ਹੈ। ਕਰਵਾਚੌਥ ‘ਤੇ ਵੀ ਚੰਗਾ ਰਿਸਪਾਂਸ ਮਿਲਿਆ ਹੈ। ਧਨਤੇਰਸ ਅਤੇ ਦੀਵਾਲੀ ‘ਤੇ ਕਾਰੋਬਾਰ ਨੂੰ ਲੈ ਕੇ ਕਾਰੋਬਾਰੀਆਂ ਦੀ ਉਮੀਦ ਵੱਧ ਗਈ ਹੈ। ਕਾਰੋਬਾਰੀਆਂ ਨੂੰ ਪੂਰੀ ਉਮੀਦ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਿਠਾਈਆਂ ਦੀ ਖੂਬ ਵਿਕਰੀ ਹੋਵੇਗੀ।
ਪੰਜਾਬ ਹਲਵਾਈ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰਪਾਲ ਸਿੰਘ ਨੇ ਦੱਸਿਆ ਹੈ ਕਿ ਫੂਡ ਸੇਫਟੀ ਦੇ ਨਿਯਮਾਂ ਦਾ ਪੂਰੀ ਤਰ੍ਹਾਂ ਨਾਲ ਪਾਲਣ ਕੀਤਾ ਜਾ ਰਿਹਾ ਹੈ। ਹਰ ਮਿਠਾਈ ‘ਤੇ ‘ਬੈਸਟ ਬੀਫੋਰ ਡੇਟ’ ਭਾਵ ਮਠਿਆਈ ਖਰਾਬ ਹੋਣ ਦੀ ਤਾਰੀਕ ਲਿਖੀ ਜਾਣੀ ਜ਼ਰੂਰੀ ਕੀਤੀ ਗਈ ਹੈ। ਕਾਊਂਟਰ ਬੁਆਏ ਲਈ ਗਲਾਸ ਮਾਸਕ ਪਹਿਨਣਾ ਜ਼ਰੂਰੀ ਕੀਤਾ ਗਿਆ ਹੈ।