Robbery by robbers at gunpoint : ਨਵਾਂਸ਼ਹਿਰ ਵਿੱਚ ਲੁਟੇਰਿਆਂ ਵੱਲੋਂ ਕਾਨੂੰਨ ਦੀ ਪਰਵਾਹ ਨਾ ਕਰਦੇ ਹੋਏ ਬੇਖੌਫ ਹੋ ਕੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਪਿੰਡ ਕਮਮ ਤੋਂ, ਜਿਥੇ ਜਗਮੀਤ ਮੈਡੀਕਲ ਸਟੋਰ ‘ਤੇ ਦੋ ਸਕੂਟੀ ਸਵਾਰ ਨਕਾਬਪੋਸ਼ ਹਥਿਆਰਬੰਦ ਲੁਟੇਰਿਆਂ ਨੇ ਪਿਸਤੌਲ ਦਿਖਾ ਕੇ ਪਹਿਲਾਂ ਲੁੱਟ ਕੀਤੀ। ਫਿਰ ਮੈਡੀਕਲ ਸਟੋਰ ਦੇ ਮਾਲਕ ਤੋਂ ਮੋਬਾਈਲ ਫੋਨ ਤੇ ਕਾਰ ਦੀ ਚਾਬੀ ਲੈ ਲਈ। ਪਰ ਮੈਡੀਕਲ ਸਟੋਰ ਵਾਲੇ ਨੇ ਆਪਣੇ ਭਤੀਜੇ ਨਾਲ ਹਿੰਮਤ ਕਰਦੇ ਹੋਏ ਲੁਟੇਰਿਆਂ ’ਤੇ ਵਾਰ ਕਰ ਦਿੱਤਾ, ਜਿਸ ਨਾਲ ਇੱਕ ਲੁਟੇਰਾ ਜ਼ਖਮੀ ਹੋ ਗਿਆ ਤੇ ਉਸ ਦੀ ਕਾਰ ਬੱਚ ਗਈ ਤੇ ਲੁਟੇਰੇ ਆਪਣੀ ਹੀ ਸਕੂਟੀ ਲੈ ਕੇ ਫਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਦੁਕਾਨਦਾਰ ਵੀ ਪੰਜਾਬੀ ਜਾਗਰਣ ਦਾ ਪੱਤਰਕਾਰ ਹੈ। ਸਾਰੀ ਘਟਨਾ ਦੁਕਾਨ ਦੇ ਅੰਦਰ ਲੱਗੇ ਸੀਸੀਟੀਵੀ ਕੈਮਰੇ’ ਚ ਕੈਦ ਹੋ ਗਈ। ਉਕਤ ਬੰਗਾ ਸਦਰ ਪੁਲਿਸ ਨੇ ਅਣਪਛਾਤੇ ਲੋਕਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੈਡੀਕਲ ਸਟੋਰ ਤਾਰੀ ਲੋਧੀਪੁਰੀਆ ਨੇ ਦੱਸਿਆ ਕਿ ਰਾਤ ਲਗਭਗ 8 ਵਜੇ 2 ਨਕਾਬਪੋਸ਼ ਹਥਿਆਰਬੰਦ ਨੌਜਵਾਨ ਦੁਕਾਨ ਦੇ ਅੰਦਰ ਆਏ। ਦੋਵਾਂ ਨੇ ਹੱਥ ਵਿਚ ਪਿਸਤੌਲ ਫੜੀ ਹੋਈ ਸੀ ਅਤੇ ਮੈਡੀਕਲ ਸਟੋਰ ਮਾਲਕ ਵੱਲ ਇਸ਼ਾਰਾ ਕਰਕੇ ਕੋਲ ਕੋਲ ਰੱਖੇ ਪੈਸੇ ਦੇਣ ਦੀ ਮੰਗ ਕੀਤੀ। ਡਰ ਦੇ ਮਾਰੇ ਉਸਨੇ ਆਪਣੇ ਕੋਲ ਮੌਜੂਦ ਲਗਭਗ 19000 ਰੁਪਏ ਉਨ੍ਹਾਂ ਨੂੰ ਦੇ ਦਿੱਤੇ। ਇਸ ਤੋਂ ਬਾਅਦ ਉਨ੍ਹਾਂ ਨੇ ਮੋਬਾਈਲ ਤੇ ਕਾਰ ਦੀ ਚਾਬੀ ਮੰਗੀ ਤਾਂ ਤਾਰੀ ਨੇ ਉਹ ਵੀ ਦੇ ਦਿੱਤੀ। ਜਦੋਂ ਦੋਵੇਂ ਨੌਜਵਾਨ ਦੁਕਾਨ ਤੋਂ ਬਾਹਰ ਆ ਗਏ ਅਤੇ ਉਸ ਦੀ ਕਾਰ ਲੈ ਕੇ ਜਾਣ ਲੱਗੇ ਤਾਂ ਉਸ ਨੇ ਤੇ ਉਸ ਦੇ ਭਤੀਜੇ ਨੇ ਦੁਕਾਨ ਦੇ ਅੰਦਰੋਂ ਇਕ ਲੋਹੇ ਦੀ ਰਾਡ ਅਤੇ ਦਾਤਰ ਲਿਆਉਣ ਦੀ ਹਿੰਮਤ ਕੀਤੀ, ਜਿਸ ਨਾਲ ਉਸ ਨੇ ਨੌਜਵਾਨਾਂ ’ਤੇ ਵਾਰ ਕੀਤਾ ਪਰ ਉਨ੍ਹਾਂ ਨੇ ਤਾਰੀ ’ਤੇ ਗੋਲੀਆਂ ਚਲਾ ਦਿੱਤੀਆਂ।
ਉਨ੍ਹਾਂ ਦੋਹਾਂ ਨੇ ਲੁੱਕ ਕੇ ਆਪਣੀ ਜਾਨ ਬਚਾਈ, ਫਿਰ ਦੁਬਾਰਾ ਉਨ੍ਹਾਂ ਨੇ ਦਾਤਰ ਨਾਲ ਲੁਟੇਰਿਆਂ ’ਤੇ ਹਮਲਾ ਕੀਤਾ ਤਾਂ ਉਸ ਨਾਲ ਇੱਕ ਲੁਟੇਰਾ ਜ਼ਖਮੀ ਹੋ ਗਿਆ। ਫਿਰ ਉਹ ਲੋਕ ਕਾਰ ਛੱਡ ਕੇ ਆਪਣੀ ਸਕੂਟਰੀ ਲੈ ਕੇ ਫਰਾਰ ਹੋ ਗਏ। ਇਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਘਟਨਾ ਬਾਰੇ ਸੂਚਿਤ ਕੀਤਾ ਗਿਆ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਗੋਲੀ ਦਾ ਖੋਲ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ।