Thousands of Americans hold rally: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਚੋਣ ਨਤੀਜਿਆਂ ਨੂੰ ਮੰਨਣ ਲਈ ਤਿਆਰ ਨਹੀਂ ਹਨ । ਜਿਸ ਤੋਂ ਬਾਅਦ ਹੁਣ ਉਨ੍ਹਾਂ ਦੇ ਹਜ਼ਾਰਾਂ ਸਮਰਥਕ ਅਮਰੀਕੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਸੜਕਾਂ ‘ਤੇ ਉਤਰ ਆਏ ਹਨ ਅਤੇ ਨਾਅਰੇਬਾਜ਼ੀ ਕਰ ਰਹੇ ਹਨ । ਪੁਲਿਸ ਦੀ ਇਨ੍ਹਾਂ ਸਮਰਥਕਾਂ ਨਾਲ ਝੜਪ ਵੀ ਹੋਈ ਹੈ। ਦੱਸ ਦਈਏ ਕਿ ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਨੂੰ ਇੱਕ ਹਫ਼ਤੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਪਰ ਟਰੰਪ ਇਨ੍ਹਾਂ ਨਤੀਜਿਆਂ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਹਨ ਅਤੇ ਚੋਣਾਂ ਵਿੱਚ ਧੋਖਾਧੜੀ ਦਾ ਦੋਸ਼ ਲਗਾ ਰਹੇ ਹਨ।
ਦਰਅਸਲ, ਇਸ ਮਾਮਲੇ ਵਿੱਚ ਟਰੰਪ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਪੈਨਸਿਲਵੇਨੀਆ, ਨੇਵਾਡਾ ਵਰਗੀਆਂ ਥਾਵਾਂ ‘ਤੇ ਗੜਬੜੀ ਹੋਈ ਹੈ। ਟਰੰਪ ਦੇ ਹਜ਼ਾਰਾਂ ਸਮਰਥਕ ਸ਼ਨੀਵਾਰ ਨੂੰ ਵਾਸ਼ਿੰਗਟਨ ਵਿੱਚ ਸੜਕਾਂ ‘ਤੇ ਉਤਰ ਆਏ। ਉਨ੍ਹਾਂ ਨੇ ਦੋਸ਼ ਲਾਇਆ ਕਿ ਚੋਣਾਂ ਵਿੱਚ ਵੱਡੇ ਪੱਧਰ ‘ਤੇ ਗੜਬੜੀ ਹੋਈ ਹੈ ਅਤੇ ਲੋਕਾਂ ਦੀਆਂ ਵੋਟਾਂ ਨੂੰ ਹੜਪ ਲਿਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਟਰੰਪ ਦੇ ਸਮਰਥਕਾਂ ਅਤੇ ਵਿਰੋਧੀਆਂ ਵਿਚਾਲੇ ਵਾਸ਼ਿੰਗਟਨ ਵਿੱਚ ਕਈ ਥਾਵਾਂ ‘ਤੇ ਝੜਪਾਂ ਹੋਈਆਂ ਹਨ। ਬਲੈਕ ਲਿਵਜ਼ ਮੈਟਰ ਅਤੇ ਐਂਟੀਫਾ ਵਰਗੀਆਂ ਸੰਸਥਾਵਾਂ ਨਾਲ ਜੁੜੇ ਲੋਕ ਵੀ ਵ੍ਹਾਈਟ ਹਾਊਸ ਤੋਂ ਕੁਝ ਦੂਰੀ ‘ਤੇ ਇਕੱਠੇ ਹੋ ਗਏ ਹਨ। ਉਨ੍ਹਾਂ ਦੀ ਟਰੰਪ ਦੇ ਸਮਰਥਕਾਂ ਨਾਲ ਕੁੱਟਮਾਰ ਵੀ ਹੋਈ ਹੈ। ਸਥਿਤੀ ਨੂੰ ਕਾਬੂ ਕਰਨ ਲਈ ਪੁਲਿਸ ਨੇ ਇੱਥੇ ਮਿਰਚ ਪਾਊਡਰ ਦਾ ਛਿੜਕਾਅ ਵੀ ਕੀਤਾ ਹੈ।
ਦੱਸ ਦੇਈਏ ਕਿ ਟਰੰਪ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਉਹ ਉਦੋਂ ਹੀ ਸੰਤੁਸ਼ਟ ਹੋਣਗੇ ਜਦੋਂ ਸਾਰੇ ਰਾਜਾਂ ਵਿੱਚ ਦੁਬਾਰਾ ਵੋਟਾਂ ਦੀ ਗਿਣਤੀ ਕੀਤੀ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਮ੍ਰਿਤਕਾਂ ਦੇ ਨਾਮ ‘ਤੇ ਕਈ ਥਾਵਾਂ ‘ਤੇ ਵੋਟਾਂ ਪਈਆਂ ਹਨ। ਫਿਲਹਾਲ ਇਸ ਸਥਿਤੀ ਦੇ ਮੱਦੇਨਜ਼ਰ ਵਾਸ਼ਿੰਗਟਨ ਡੀਸੀ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਤਾਇਨਾਤ ਕੀਤੀ ਗਈ ਹੈ। ਵ੍ਹਾਈਟ ਹਾਊਸ ਦੀ ਸੁਰੱਖਿਆ ਪਹਿਲਾਂ ਤੋਂ ਹੀ ਚੌਕਸੀ ਹੈ। ਟਰੰਪ ਦੇ ਭਰੋਸੇਮੰਦ ਮੰਤਰੀ ਮਾਈਕ ਪੋਂਪਿਓ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਰਾਸ਼ਟਰਪਤੀ ਟਰੰਪ ਆਪਣੇ ਅਗਲੇ ਕਾਰਜਕਾਲ ਦੀ ਤਿਆਰੀ ਕਰ ਰਹੇ ਹਨ।