district administration meeting organiser chhath puja: ਲੁਧਿਆਣਾ (ਤਰਸੇਮ ਭਾਰਦਵਾਜ)-ਜਿੱਥੇ ਇਕ ਪਾਸੇ ਸ਼ਹਿਰ ‘ਚ ਕੋਰੋਨਾ ਮਹਾਮਾਰੀ ਨੇ ਫਿਰ ਤੋਂ ਰਫਤਾਰ ਫੜ ਲਈ ਹੈ, ਉੱਥੇ ਹੀ ਸ਼ਹਿਰ ‘ਚ ਛੱਠ ਪੂਜਾ ਨੂੰ ਲੈ ਕੇ ਕਮੇਟੀਆਂ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਦੇ ਚੱਲਦਿਆਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਛੱਡ ਪੂਜਾ ਕਮੇਟੀਆਂ ਦੇ ਨਾਲ ਇਕ ਉੱਚ ਪੱਧਰੀ ਮੀਟਿੰਗ ਕੀਤੀ ਗਈ। ਮੀਟਿੰਗ ‘ਚ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਰਾਕੇਸ਼ ਕੁਮਾਰ ਅਗਰਵਾਲ ਨੇ ਹਿੱਸਾ ਲਿਆ ਅਤੇ ਛੱਠ ਪੂਜਾ ਕਮੇਟੀਆਂ ਦੇ ਪ੍ਰਬੰਧਕਾਂ ਨੂੰ ਛੱਠ ਪੂਜਾ ਕਰਨ ਸਬੰਧੀ ਜ਼ਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਪ੍ਰਸ਼ਾਸਨ ਵਲੋਂ ਕਮੇਟੀਆਂ ਨੂੰ ਛੱਠ ਪੂਜਾ ਦਾ ਤਿਉਹਾਰ ਕੋਰੋਨਾ ਮਹਾਮਾਰੀ ਤਹਿਤ ਸਾਰੀਆਂ ਸਾਵਧਾਨੀਆਂ ਵਰਤਕੇ ਮਨਾਉਣ ਦੀ ਅਪੀਲ ਕੀਤੀ ਤੇ ਪ੍ਰਬੰਧਕ ਕਮੇਟੀਆਂ ਨੇ ਵੀ ਪ੍ਰਸ਼ਾਸਨ ਦੀ ਹਰ ਹਦਾਇਤ ਮੰਨਣ ਦੀ ਗੱਲ ਆਖੀ।
ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਪਿਛਲੇ ਮਹੀਨੇ ਦੁਸ਼ਹਿਰਾ ਕਮੇਟੀਆਂ ਨੇ ਪਹਿਲਕਦਮੀ ਕਰਦਿਆਂ ਸ਼ਹਿਰ ‘ਚ 70 ਦੀ ਥਾਂ ‘ਤੇ ਸਿਰਫ਼ 6 ਥਾਵਾਂ ‘ਤੇ ਦੁਸ਼ਹਿਰਾ ਮਨਾਇਆ ਤੇ ਸਾਰੀਆਂ ਥਾਵਾਂ ‘ਤੇ ਕੋਰੋਨਾ ਮਹਾਮਰੀ ਦੇ ਨਿਯਮਾਂ ਦੀ ਪਾਲਣਾ ਕੀਤੀ ਗਈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਛੱਠ ਪੂਜਾ ਕਮੇਟੀਆਂ ਤੋਂ ਵੀ ਅਜਿਹੇ ਹੀ ਸਹਿਯੋਗ ਦੀ ਆਸ ਹੈ।
ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਤਹਿਤ ਬੀਤੇ ਕੁੱਝ ਦਿਨਾਂ ਤੋਂ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੇ ਅੰਕੜਿਆਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਇਸ ਵਾਰ ਛੱਠ ਪੂਜਾ ਪ੍ਰਬੰਧਕ ਕਮੇਟੀਆਂ ਇਸ ਤਿਉਹਾਰ ਨੂੰ ਸੁਰੱਖਿਆ ਪ੍ਰੋਟੋਕਾਲਾਂ ਦੀ ਪਾਲਣਾ ਕਰਦਿਆਂ ਸਮਾਗਮ ਨੂੰ ਸੰਖੇਪ ‘ਚ ਰੱਖਣ।ਉਨ੍ਹਾਂ ਕਿਹਾ ਕਿ ਜੇਕਰ ਇਕੱਠ ‘ਚ ਕਿਸੇ ਨੇ ਮਾਸਕ ਨਹੀਂ ਪਾਇਆ, ਤਾਂ ਉਨ੍ਹਾਂ ਨੂੰ ਮਾਸਕ ਮੁਹੱਈਆਂ ਕਰਵਾਉਣ, ਸਮਾਜਿਕ ਦੂਰੀ ਬਣਾਈ ਰੱਖਣ, ਸੈਨੇਟਾਈਜ਼ਰ ਦੇ ਪ੍ਰਬੰਧ ਦੇ ਨਾਲ-ਨਾਲ ਵਲੰਟੀਅਰਾਂ ਦੀ ਗਿਣਤੀ ਦੁੱਗਣੀ ਕਰ ਦਿੱਤੀ ਜਾਵੇ।
ਉਨ੍ਹਾਂ ਕਿਹਾ ਕਿ ਘੱਟੋ-ਘੱਟ 30 ਵਿਅਕਤੀਆਂ ਪਿੱਛੇ 1 ਵਲੰਟੀਅਰ ਹੋਣਾ ਚਾਹੀਦਾ ਹੈ। ਛੱਠ ਪੂਜਾ ਕਮੇਟੀਆਂ ਦੀ ਮੰਗ ‘ਤੇ ਨਹਿਰੀ ਵਿਭਾਗ ਨੂੰ ਨਹਿਰਾਂ ‘ਚ ਪਾਣੀ ਦਾ ਪੱਧਰ ਵੀ ਢੁੱਕਵਾਂ ਰੱਖਣ ਦੇ ਨਿਰਦੇਸ਼ ਦਿੱਤੇ।
ਪੁਲਿਸ ਕਮਿਸ਼ਨਰ ਸ੍ਰੀ ਅਗਰਵਾਲ ਨੇ ਛੱਠ ਪੂਜਾ ਕਮੇਟੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਸਮਾਗਮ ਦੌਰਾਨ ਕਿਸੇ ਵੀ ਤਰ੍ਹਾਂ ਦੇ ਸੰਸਕਿ੍ਤਿਕ ਪ੍ਰੋਗਰਾਮਾਂ ਦੀ ਪੂਰਨ ਤੌਰ ‘ਤੇ ਮਨਾਹੀ ਹੈ।ਉਨ੍ਹਾਂ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਕਿ ਛੱਠ ਪੂਜਾ ਸਮਾਗਮ ‘ਚ ਲੋਕਾਂ ਦੀ ਘੱਟ ਤੋਂ ਘੱਟ ਸ਼ਮੂਲੀਅਤ ਹੋਵੇ।
ਇਹ ਵੀ ਪੜ੍ਹੋ– ਦੇਖੋ ਕਿਵੇਂ ਇਹ ਸ਼ਾਹੀ ਮਹਿਲ ਬਣ ਗਿਆ ਸੀ ਜੇਲ੍ਹ , ਕੈਦੀਆਂ ਨੂੰ ਜ਼ੰਜੀਰਾਂ ਨਾਲ ਬੰਨ੍ਹ ਕੇ ਦਿੱਤੇ ਜਾਂਦੇ ਸੀ ਤਸੀਹੇ