Delhi Youth Congress office : ਚੰਡੀਗੜ੍ਹ : ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪੂਰੇ ਦੇਸ਼ ਦੇ ਕਿਸਾਨ ਇਕਜੁੱਟ ਹੋ ਚੁੱਕੇ ਹਨ। ਇਸ ਨੂੰ ਲੈ ਕੇ ਸੰਘਰਸ਼ ਕਰ ਰਹੇ ਕਿਸਾਨ ਮੋਦੀ ਸਰਕਾਰ ਤੱਕ ਆਪਣੀ ਆਵਾਜ਼ ਨੂੰ ਪਹੁੰਚਾਉਣ ਲਈ ਦਿੱਲੀ ਵਿੱਚ ਇਤਿਹਾਸਕ ਰੈਲੀ ਕਰ ਰਹੇ ਹਨ। ਪੰਜਾਬ ਯੂਥ ਕਾਂਗਰਸ ਨੇ ਦਿੱਲੀ ਵਿੱਚ ਸੰਘਰਸ਼ ਕਰ ਰਹੇ ਕਿਸਾਨਾਂ ਲਈ ਲੰਗਰ-ਪਾਣੀ ਅਤੇ ਮੁੱਢਲੀਆਂ ਮੈਡੀਕਲ ਸੇਵਾਵਾਂ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਹੈ। ਇਸ ਦੇ ਲਈ ਬੀਤੀ ਬੁੱਧਵਾਰ ਸ਼ਾਮ ਤੋਂ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਕੱਲ ਸ਼ਾਮ ਤੋਂ ਹੀ ਆਪਣੀ ਟੀਮ ਸਮੇਤ ਦਿੱਲੀ ਵਿੱਚ ਪਹੁੰਚ ਚੁੱਕੇ ਹਨ, ਜਿਥੇ ਪੰਜਾਬ ਯੂਥ ਕਾਂਗਰਸ ਨੇ ਇੰਡੀਅਨ ਯੂਥ ਕਾਂਗਰਸ ਦੇ ਦਫ਼ਤਰ ਨੂੰ ਸਰਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।
ਬਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਦਿੱਲੀ ਜਾ ਰਹੇ ਕਿਸਾਨਾਂ ਲਈ ਪੰਜਾਬ ਯੂਥ ਕਾਂਗਰਸ ਵੱਲੋਂ ਲੰਗਰ ਦੇ ਨਾਲ-ਨਾਲ ਮੈਡੀਕਲ ਟੀਮਾਂ ਵੀ ਸੇਵਾ ਦੇਣਗੀਆਂ। ਕਿਸਾਨਾਂ ਦੇ ਧਰਨਿਆਂ ਸਮੇਂ ਨਿਰੰਤਰ ਲੰਗਰ ਜਾਰੀ ਰਹੇਗਾ। ਇਸ ਦੇ ਨਾਲ ਹੀ ਦਿੱਲੀ ਜਾ ਰਹੇ ਕਿਸਾਨਾਂ ਦੇ ਰਹਿਣ ਦਾ ਵੀ ਪੁਖਤਾ ਪ੍ਰਬੰਧ ਪੰਜਾਬ ਯੂਥ ਕਾਂਗਰਸ ਦੇ ਵੱਲੋਂ ਕੀਤਾ ਜਾਵੇਗਾ। ਬਰਿੰਦਰ ਸਿੰਘ ਢਿੱਲੋਂ ਨੇ ਪੰਜਾਬ ਦੇ ਸਾਰੇ ਮੈਂਬਰ ਪਾਰਲੀਮੈਂਟਾ ਨੂੰ ਅਪੀਲ ਕੀਤੀ ਕਿ ਕਿਸਾਨਾਂ ਦੇ ਰਹਿਣ ਦਾ ਪ੍ਰਬੰਧ ਉਨ੍ਹਾਂ ਦੇ ਆਪਣੇ ਗ੍ਰਹਿ ਨਿਵਾਸ ਵਿਖੇ ਹੀ ਕੀਤਾ ਜਾਵੇ।
ਦੱਸਣਯੋਗ ਹੈ ਕਿ ਖੇਤੀਬਾੜੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਪ੍ਰਦਰਸ਼ਨ ਅੱਜ ਵੀ ਜਾਰੀ ਹੈ। ਵੱਡੀ ਗਿਣਤੀ ਵਿੱਚ ਕਿਸਾਨ ਦਿੱਲੀ ਆਉਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਪੰਜਾਬ-ਹਰਿਆਣਾ ਸਰਹੱਦ ‘ਤੇ ਪੁਲਿਸ ਦੀ ਸਖਤ ਸੁਰੱਖਿਆ ਹੈ। ਅੱਜ ਸਿੰਘੁ ਸਰਹੱਦ ‘ਤੇ ਪੁਲਿਸ ਨੇ ਕਿਸਾਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਕਿਸਾਨ ਸਹਿਮਤ ਨਹੀਂ ਹੋਏ ਅਤੇ ਕਿਸਾਨ ਦਿੱਲੀ ਜਾਣ ‘ਤੇ ਅੜੇ ਹੋਏ ਹਨ। ਹੁਣ ਪੁਲਿਸ ਦਿੱਲੀ ਵਿੱਚ ਇੱਕ ਆਰਜ਼ੀ ਜੇਲ ਬਣਾਉਣ ਦੀ ਤਿਆਰੀ ਕਰ ਰਹੀ ਹੈ। ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਕਈ ਮੈਟਰੋ ਸਟੇਸ਼ਨਾਂ ਦੇ ਗੇਟ ਬੰਦ ਹੋ ਗਏ ਹਨ। ਬ੍ਰਿਗੇਡੀਅਰ ਹੁਸ਼ਿਆਰ ਸਿੰਘ, ਬਹਾਦਰਗੜ ਸਿਟੀ, ਸ਼੍ਰੀਰਾਮ ਸ਼ਰਮਾ, ਟੀਕਰੀ ਬਾਰਡਰ, ਟਕਰੀ ਕਲਾਂ, ਘੇਰਾ ਸਟੇਸ਼ਨ ਦੇ ਐਂਟਰੀ ਅਤੇ ਐਗਜ਼ਿਟ ਗੇਟ ਨੂੰ ਗਰੀਨ ਲਾਈਨ ‘ਤੇ ਬੰਦ ਕਰ ਦਿੱਤਾ ਗਿਆ ਹੈ।