Know Your Scheme restarted police: ਲੁਧਿਆਣਾ (ਤਰਸੇਮ ਭਾਰਦਵਾਜ)- ਸਾਲਾਂ ਤੋਂ ਥਾਣਿਆਂ-ਵਿਭਾਗਾਂ ‘ਚ ਅਟਕੀਆਂ ਸ਼ਿਕਾਇਤਾਂ ਅਤੇ ਮਾਮਲੇ ਹਲ ਕਰਨ ਲਈ ਕੋਰੋਨਾਵਾਇਰਸ ਦੌਰਾਨ 8 ਮਹੀਨਿਆਂ ਦੀ ਬ੍ਰੇਕ ਲੱਗਣ ਤੋਂ ਬਾਅਦ ਇਕ ਵਾਰ ਫਿਰ ਤੋਂ ‘ਨੋ ਯੂਅਰ ਕੇਸ ਸਕੀਮ ‘ ਨੂੰ ਸ਼ੁਰੂ ਕੀਤਾ ਗਿਆ। ਇਸ ਤੋਂ ਬਾਅਦ 28 ਥਾਣਿਆਂ ਅਤੇ ਬਾਕੀ ਵਿਭਾਗਾਂ ‘ਚ ਕੈਂਪ ਲਾਇਆ ਗਿਆ, ਜਿੱਥੇ ਇਕ ਹਜ਼ਾਰ ਤੋਂ ਜਿਆਦਾ ਲੋਕ ਪਹੁੰਚੇ ਅਤੇ ਲਗਭਗ 2320 ਮਾਮਲਿਆਂ ਦਾ ਨਿਪਟਾਰਾ ਕੀਤਾ ਗਿਆ, ਜਿਨ੍ਹਾਂ ‘ਚ ਦਾਜ ਸਬੰਧੀ 162 ਮਾਮਲੇ ਵੀ ਸ਼ਾਮਿਲ ਹਨ।
ਦੱਸਣਯੋਗ ਹੈ ਕਿ ਲੁਧਿਆਣਾ ਪੁਲਿਸ ਵਲੋਂ ਸ਼ੁਰੂ ਕੀਤੀ ਗਈ ਇਸ ਸਕੀਮ ਤਹਿਤ ਪੁਲਿਸ ਲਾਈਨ ਵਿਖੇ ਵੱਖ-ਵੱਖ ਕੈਂਪ ਲਗਾਏ ਗਏ ਸਨ, ਜਿਨ੍ਹਾਂ ‘ਚ ਵੱਖ-ਵੱਖ ਥਾਣਿਆਂ ਨਾਲ ਸਬੰਧਿਤ ਕੇਸਾਂ ਦਾ ਨਿਪਟਾਰਾ ਕਰਨ ਸਬੰਧੀ ਭਾਰੀ ਗਿਣਤੀ ‘ਚ ਲੋਕ ਪਹੁੰਚੇ ਹੋਏ ਸਨ। ਕੈਂਪ ‘ਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਅਤੇ 2320 ਦਰਖਾਸਤਾਂ ਦਾ ਮੌਕੇ ‘ਤੇ ਨਿਪਟਾਰਾ ਕਰ ਦਿੱਤਾ ਗਿਆ, ਜਦਕਿ 423 ਲੋਕਾਂ ਵਲੋਂ ਆਪਣੇ ਕੇਸਾਂ ਸਬੰਧੀ ਜਾਣਕਾਰੀ ਹਾਸਿਲ ਕੀਤੀ ਗਈ। ਥਾਣਿਆਂ ‘ਚ ਬੰਦ ਮਾਲ ਮੁਕੱਦਮਿਆਂ ਦੇ ਸਾਮਾਨ ਦੀ ਸਪੁਰਦਗੀ ਵੀ ਲੋਕਾਂ ਨੂੰ ਕੀਤੀ ਗਈ।
ਇਸ ਦੌਰਾਨ ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅਗਰਵਾਲ ਵਲੋਂ ਵੀ ਇਨ੍ਹਾਂ ਕੈਂਪਾਂ ਦਾ ਦੌਰਾ ਕੀਤਾ ਗਿਆ ਅਤੇ ਮੌਕੇ ‘ਤੇ ਮੌਜੂਦ ਲੋਕਾਂ ਨਾਲ ਗੱਲਬਾਤ ਵੀ ਕੀਤੀ ਗਈ । ਸ੍ਰੀ ਰਾਕੇਸ਼ ਅਗਰਵਾਲ ਵਲੋਂ ਮੌਕੇ ‘ਤੇ ਮੌਜੂਦ ਅਧਿਕਾਰੀਆਂ ਨੂੰ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਵਲੋਂ ਸ਼ੁਰੂ ਕੀਤੀ ਗਈ ਇਸ ਸਕੀਮ ਨਾਲ ਲੋਕਾਂ ਨੂੰ ਭਾਰੀ ਫ਼ਾਇਦਾ ਹੋਵੇਗਾ। ਇਸ ਦੌਰਾਨ ਏ.ਡੀ.ਸੀ.ਪੀ. ਗੁਰਪ੍ਰੀਤ ਸਿੰਘ ਸਿਕੰਦ ਨੇ ਦੱਸਿਆ ਕਿ ਕੈਂਪ ‘ਚ ਦਾਜ ਖਾਤਰ ਵਿਆਹੁਤਾ ਨੂੰ ਤੰਗ ਪ੍ਰੇਸ਼ਾਨ ਕਰਨ ਦੇ 162 ਮਾਮਲਿਆਂ ਦਾ ਨਿਪਟਾਰਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮਾਮਲਿਆਂ ‘ਚ 45 ਪਰਿਵਾਰਾਂ ਦੇ ਆਪਸ ‘ਚ ਸਮਝੌਤੇ ਕਰਵਾ ਦਿੱਤੇ ਗਏ ਹਨ, ਜਦਕਿ 15 ਮਾਮਲਿਆਂ ‘ਚ ਦਿੱਤੇ ਗਏ ਤੱਥਾਂ ਦੀ ਪੁਸ਼ਟੀ ਨਹੀਂ ਹੋ ਸਕੀ। ਉਨ੍ਹਾਂ ਦੱਸਿਆ ਕਿ 100 ਮਾਮਲਿਆਂ ‘ਚ ਪੁਲਿਸ ਵਲੋਂ ਦੋਸ਼ੀ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਸਿਫ਼ਾਰਸ਼ ਵੀ ਕੀਤੀ ਗਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੁਝ ਦਰਖਾਸਤਾਂ ਝੂਠੀਆਂ ਵੀ ਪਾਈਆਂ ਗਈਆਂ ਹਨ, ਜਿਨ੍ਹਾਂ ਖ਼ਿਲਾਫ਼ ਵੱਖਰੇ ਤੌਰ ‘ਤੇ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਦੇਖੋ–