Sachin Tendulkar urges ICC: ਦਿੱਗਜ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੂੰ ਫੈਸਲਿਆਂ ਦੀ ਸਮੀਖਿਆ ਪ੍ਰਣਾਲੀ (DRS) ਵਿੱਚ ਅੰਪਾਇਰਾਂ ਕਾਲ ਦੀ ਪੂਰੀ ਸਮੀਖਿਆ ਕਰਨ ਦੀ ਅਪੀਲ ਕੀਤੀ ਹੈ । ਆਸਟ੍ਰੇਲੀਆ ਖ਼ਿਲਾਫ਼ ਮੈਲਬਰਨ ਵਿੱਚ ਦੂਸਰੇ ਟੈਸਟ ਮੈਚ ਦੌਰਾਨ ਭਾਰਤ ਨੂੰ ਇਸ ਨਿਯਮ ਦੀ ਮਾਰ ਝੱਲਣੀ ਪਈ । ਉਸ ਤੋਂ ਬਾਅਦ ਅੰਪਾਇਰਾਂ ਦੀ ਕਾਲ ਉਸ ਸਮੇਂ ਸਾਹਮਣੇ ਆਉਂਦੀ ਹੈ ਜਦੋਂਕਿ LBW ਲਈ ‘ਰੀਵਿਊ’ ਦੀ ਮੰਗ ਕੀਤੀ ਗਈ ਹੋਵੇ। ਇਸ ਸਥਿਤੀ ਵਿੱਚ ਜੇ ਅੰਪਾਇਰ ਵੱਲੋਂ ਆਊਟ ਨਹੀਂ ਦਿੱਤਾ ਤਾਂ ਰੀਵਿਊ ਵਿੱਚ ਇਹ ਪਤਾ ਚੱਲਣ ‘ਤੇ ਕਿ ਗੇਂਦ ਸਟੰਪ ‘ਤੇ ਲੱਗ ਰਹੀ ਹੈ ਤਾਂ ਟੀਵੀ ਅੰਪਾਇਰ ਕੋਲ ਇਸ ਫ਼ੈਸਲੇ ਨੂੰ ਬਦਲਣ ਦਾ ਅਧਿਕਾਰ ਨਹੀਂ ਹੁੰਦਾ ਹੈ। ਗੇਂਦਬਾਜ਼ੀ ਟੀਮ ਲਈ ਇਹ ਚੰਗੀ ਗੱਲ ਹੁੰਦੀ ਹੈ ਕਿ ਉਹ ਆਪਣਾ ਰੀਵਿਊ ਨਹੀਂ ਗੁਆਉਂਦੀ।
ਇਸ ਸਬੰਧੀ ਸਚਿਨ ਤੇਂਦੁਲਕਰ ਵੱਲੋਂ ਇੱਕ ਟਵੀਟ ਵੀ ਕੀਤਾ ਗਿਆ। ਸਚਿਨ ਨੇ ਟਵੀਟ ਕਰਦਿਆਂ ਲਿਖਿਆ, “ਖਿਡਾਰੀ ਇਸ ਲਈ ਰੀਵਿਊ ਲੈਂਦੇ ਹਨ, ਕਿਉਂਕਿ ਉਹ ਮੈਦਾਨੀ ਅੰਪਾਇਰ ਦੇ ਫੈਸਲੇ ਤੋਂ ਨਾਖੁਸ਼ ਹਨ।” ICC ਨੂੰ DRS ਪ੍ਰਣਾਲੀ, ਖ਼ਾਸਕਰ ਅੰਪਾਇਰਾਂ ਕਾਲ ਦੀ ਪੂਰੀ ਸਮੀਖਿਆ ਕਰਨ ਦੀ ਲੋੜ ਹੈ।”
ਦਰਅਸਲ, ਇਸ ਮੁਕਾਬਲੇ ਵਿੱਚ ਆਸਟ੍ਰੇਲੀਆਈ ਬੱਲੇਬਾਜ਼ ਜੋ ਬਰਨਜ਼ ਅਤੇ ਮਾਰਨਸ ਲਾਬੂਸ਼ੇਨ ਖਿਲਾਫ LBW ਦੀ ਅਪੀਲ ਦੇ ਬਾਅਦ ਰੀਪਲੇਅ ਵਿੱਚ ਲੱਗਿਆ ਕਿ ਗੇਂਦ ਸਟੰਪ ਨੂੰ ਛੂਹ ਕੇ ਗਈ ਹੈ, ਪਰ ਅੰਪਾਇਰਜ਼ ਕਾਲ ਕਾਰਨ ਦੋਵੇਂ ਬੱਲੇਬਾਜ਼ ਕ੍ਰੀਜ਼ ‘ਤੇ ਹੀ ਰਹੇ । ਆਸਟ੍ਰੇਲੀਆਈ ਸਪਿਨ ਦੇ ਦਿੱਗਜ ਸ਼ੇਨ ਵਾਰਨ ਵੱਲੋਂ ਇਸ ਨਿਯਮ ਦੀ ਪਹਿਲਾਂ ਆਲੋਚਨਾ ਕੀਤੀ ਗਈ ਸੀ, ਜਿਸਨੂੰ ਅਨਿਲ ਕੁੰਬਲੇ ਦੀ ਅਗਵਾਈ ਵਾਲੇ ਆਈਸੀਸੀ ਕ੍ਰਿਕਟ ਕਮੇਟੀ ਵੱਲੋਂ ਤਿਆਰ ਕੀਤਾ ਗਿਆ ਹੈ।
ਦੱਸ ਦੇਈਏ ਕਿ ਆਸਟ੍ਰੇਲੀਆ ਤੇ ਭਾਰਤ ਵਿਚਾਲੇ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਦੇ ਤੀਜੇ ਦਿਨ ਯਾਨੀ ਕਿ ਸੋਮਵਾਰ ਨੂੰ ਅੰਪਾਇਰ ਕਾਲ ਨੇ ਦੋ ਵਾਰ ਆਸਟ੍ਰੇਲੀਆ ਦੇ ਬੱਲੇਬਾਜ਼ਾਂ ਨੂੰ ਜੀਵਨ ਦਾਨ ਦਿੱਤਾ। ਜੋ ਬਰਨਜ਼ ਖਿਲਾਫ਼ ਬੁਮਰਾਹ ਨੇ ਦੂਜੀ ਪਾਰੀ ਦੇ ਤੀਜੇ ਓਵਰ ਵਿੱਚ LBW ਦੀ ਅਪੀਲ ਕੀਤੀ ਸੀ।