ludhiana gyaspura area road: ਲੁਧਿਆਣਾ (ਤਰਸੇਮ ਭਾਰਦਵਾਜ)- ਲੁਧਿਆਣਾ ਸ਼ਹਿਰ ਸਿਰਫ ਕਾਗਜ਼ਾਂ ‘ਚ ਹੀ ਸਮਾਰਟ ਸਿਟੀ ਹੈ, ਅਸਲੀਅਤ ਤਾਂ ਸ਼ਹਿਰ ਦੀ ਸੜਕਾਂ ਪੇਸ਼ ਕਰਦੀਆਂ ਹਨ। ਦਰਅਸਲ ਗੱਲ ਗਿਆਸਪੁਰਾ ਇਲਾਕੇ ਦੀ ਕਰ ਰਹੇ ਹਾਂ ਜਿੱਥੋਂ ਦੀਆਂ ਸੜਕਾਂ ਦੀ ਹਾਲਤ ਇਸ ਕਦਰ ਖਸਤਾ ਹੋ ਚੁੱਕੀ ਹੈ ਕਿ ਪਾਣੀ ਦੇ ਭਰੇ ਇੰਨੇ ਵੱਡੇ-ਵੱਡੇ ਖੱਡਿਆਂ ‘ਚੋਂ ਤੁਹਾਨੂੰ ਆਪਣੀ ਜਾਨ ਜੋਖਮ ਚ ਪਾ ਕੇ ਹੀ ਲੰਘਣਾ ਪਵੇਗਾ। ਇੰਨਾ ਹੀ ਨਹੀਂ ਇਲਾਕੇ ‘ਚ ਸਥਿਤ ਫੈਕਟਰੀਆਂ ਦੇ ਮਾਲਕਾਂ ਅਤੇ ਲੋਕਾਂ ਦਾ ਜੀਉਣਾ ਵੀ ਦੁਭੱਰ ਹੋ ਗਿਆ। ਇਨ੍ਹਾਂ ਸਮੱਸਿਆਵਾਂ ਨੂੰ ਲੈ ਕੇ ਇਸ ਇਲਾਕੇ ‘ਚ ਫੈਕਟਰੀਆਂ ਚਲਾਉਣ ਵਾਲੇ ਕਾਰੋਬਾਰੀਆਂ ਵੱਲੋਂ ਮੀਟਿੰਗ ਬੁਲਾਈ ਗਈ।
ਮੀਟਿੰਗ ਦੌਰਾਨ ਆਪਣੇ ਦੁੱਖਾਂ ਦੀ ਦਾਸਤਾਨ ਬਿਆਨ ਕਰਦੇ ਹੋਏ ਗਿਆਸਪੁਰਾ ਇੰਡਸਟਰੀ ਐਸੋਸੀਏਸ਼ਨ ਦੇ ਸੈਕਟਰੀ ਓਂਕਾਰ ਸਿੰਘ ਅਤੇ ਕਾਰੋਬਾਰੀ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀਆਂ ਫੈਕਟਰੀਆਂ ਲਈ ਵੱਡੀ ਤਦਾਦ ‘ਚ ਮਟੀਰੀਅਲ ਬਾਹਰੋਂ ਆਉਂਦਾ-ਜਾਂਦਾ ਹੈ ਪਰ ਸੜਕਾਂ ਦੀ ਅਜਿਹੀ ਹਾਲਤ ਕਰਕੇ ਉਨ੍ਹਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਾਰੋਬਾਰੀਆਂ ਨੇ ਦੱਸਿਆ ਕਿ ਸੜਕਾਂ ਦੀ ਹਾਲਤ ਇਸ ਕਦਰ ਖਰਾਬ ਹੋ ਚੁੱਕੀ ਹੈ ਕਿ ਉਨ੍ਹਾਂ ਦਾ ਲੰਘਣਾ ਵੀ ਮੁਸ਼ਕਿਲ ਹੋ ਗਿਆ ਹੈ। ਇੰਨਾ ਹੀ ਨਹੀਂ ਲੰਮੇ ਸਮੇਂ ਤੋਂ ਉਹ ਲਗਾਤਾਰ ਇਸ ਸੰਬੰਧੀ ਸਰਕਾਰ ਅਤੇ ਕਾਰਪੋਰੇਸ਼ਨ ਨੂੰ ਸ਼ਿਕਾਇਤ ਦੇ ਕਰ ਚੁੱਕੇ ਹਨ ਪਰ ਹਾਲੇ ਤੱਕ ਉਨ੍ਹਾਂ ਦੇ ਮਸਲੇ ਦਾ ਕੋਈ ਵੀ ਹੱਲ ਨਹੀਂ ਨਿਕਲਿਆ। ਪਿਛਲੇ 11 ਮਹੀਨਿਆਂ ਤੋਂ ਉਨ੍ਹਾਂ ਦੀਆਂ ਮੁਸ਼ਕਿਲਾਂ ਹੋਰ ਵੀ ਵੱਧ ਚੁੱਕੀਆਂ ਹਨ ਕਿਉਂਕਿ ਫੈਕਟਰੀਆਂ ‘ਚ ਆਉਣ-ਜਾਣ ਵਾਲੇ ਕਾਮਿਆਂ ਅਤੇ ਮਜ਼ਦੂਰਾਂ ਨੂੰ ਇਨ੍ਹਾਂ ਸੜਕਾਂ ‘ਤੇ ਹਾਦਸਿਆਂ ਦਾ ਸ਼ਿਕਾਰ ਹੋਣਾ ਪੈਂਦਾ ਹੈ।
ਉੱਧਰ ਦੂਜੇ ਪਾਸੇ ਜਦੋਂ ਇਸ ਸਬੰਧੀ ਲੁਧਿਆਣਾ ਦੇ ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਗਿਆਸਪੁਰਾ ਇਲਾਕੇ ਦੇ ‘ਚ ਸੜਕਾਂ ਬਣਾਉਣ ਲਈ ਟੈਂਡਰ ਲੱਗ ਚੁੱਕੇ ਹਨ ਅਤੇ ਇਸ ਸਬੰਧੀ ਬੋਰਡ ਲਾ ਕੇ ਠੇਕੇਦਾਰ ਦਾ ਨੰਬਰ ਵੀ ਲਿਖਿਆ ਗਿਆ ਹੈ ਅਤੇ ਜਲਦ ਹੀ ਸੜਕਾਂ ਬਣਾਉਣ ਦਾ ਕੰਮ ਵੀ ਸ਼ੁਰੂ ਹੋ ਜਾਵੇਗਾ।
ਇਹ ਵੀ ਦੇਖੋ–