gill village student suicide govt school: ਲੁਧਿਆਣਾ (ਤਰਸੇਮ ਭਾਰਦਵਾਜ)- ਜ਼ਿਲ੍ਹੇ ਦੇ ਇਕ ਪਿੰਡ ਦੇ ਸਰਕਾਰੀ ਸਕੂਲ ‘ਚ ਵਿਦਿਆਰਥਣਾਂ ਵੱਲੋਂ ਖੁਦਕੁਸ਼ੀਆਂ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਨੇ ਇਲਾਕੇ ‘ਚ ਦਹਿਸ਼ਤ ਵਾਲਾ ਮਾਹੌਲ ਪੈਦਾ ਕਰ ਦਿੱਤਾ ਹੈ। ਦਰਅਸਲ ਗਿੱਲ ਪਿੰਡ ਦੇ ਸਰਕਾਰੀ ਸਕੂਲ ‘ਚ 2 ਵਿਦਿਆਰਥਣਾਂ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ। ਇੱਕੋ ਸਕੂਲ ਦੀਆਂ ਦੋ ਵਿਦਿਆਰਥਣਾਂ ਵੱਲੋਂ ਮੌਤ ਨੂੰ ਗਲੇ ਲਗਾਉਣ ਦੇ ਇਸ ਸਨਸਨੀਖੇਜ਼ ਮਾਮਲੇ ‘ਚ ਐੱਨ.ਜੀ.ਓ ਯੂਨੀਵਰਸਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਨੇ ਕੁਝ ਸਵਾਲ ਚੁੱਕਦਿਆਂ ਪੁਲਿਸ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਆਰਗੇਨਾਈਜੇਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਧਾਲੀਵਾਲ, ਜਥੇਬੰਦ ਸਕੱਤਰ ਰਵਿੰਦਰ ਸਿੰਘ ਵੜੈਚ ਅਤੇ ਜਨਰਲ ਸੈਕਟਰੀ ਕਮਲ ਸ਼ਰਮਾ ਨੇ ਦੱਸਿਆ ਕਿ ਪਿੰਡ ਸੰਗੋਵਾਲ ਦੀ ਰਹਿਣ ਵਾਲੀ ਆਰਟਸ ਦੀ ਵਿਦਿਆਰਥਣ ਨੇ 16 ਜਨਵਰੀ ਨੂੰ ਆਪਣੇ ਘਰ ‘ਚ ਖ਼ੁਦਕੁਸ਼ੀ ਕਰ ਲਈ ਸੀ।ਇਸ ਮਾਮਲੇ ‘ਚ ਲੜਕੀ ਦੇ ਮਾਪਿਆਂ ਨੇ ਪੁਲਿਸ ਨੂੰ ਬਿਨਾਂ ਸੂਚਨਾ ਦਿੱਤੇ ਹੀ ਉਸ ਦਾ ਸੰਸਕਾਰ ਕਰ ਦਿੱਤਾ।ਇਸ ਮਾਮਲੇ ਸਬੰਧੀ ਆਰਗਨਾਈਜੇਸ਼ਨ ਨੂੰ ਜਿਸ ਤਰ੍ਹਾਂ ਹੀ ਜਾਣਕਾਰੀ ਮਿਲੀ, ਉਨ੍ਹਾਂ ਨੇ ਥਾਣਾ ਡੇਹਲੋਂ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਿੱਲ ਦੀਆਂ ਵਿਦਿਆਰਥਣਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਖੁਦਕੁਸ਼ੀਆਂ ਦੇ ਮਾਮਲੇ ‘ਚ ਡੂੰਘਾਈ ਨਾਲ ਪੜਤਾਲ ਕਰਨ ਦੀ ਗੱਲ ਆਖੀ। ਸਤਨਾਮ ਸਿੰਘ ਧਾਲੀਵਾਲ ਨੇ ਦੱਸਿਆ ਕਿ 16 ਜਨਵਰੀ ਤੋਂ ਪਹਿਲੋਂ 11 ਜਨਵਰੀ ਨੂੰ ਇਸੇ ਸਕੂਲ ਦੀ 12ਵੀਂ ਦੀ ਆਰਟਸ ਦੀ ਵਿਦਿਆਰਥਣ ਨੇ ਕਲਾਸ ਰੂਮ ‘ਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਸੀ । ਸਤਨਾਮ ਸਿੰਘ ਧਾਲੀਵਾਲ ਨੇ ਦੱਸਿਆ ਕਿ ਦੋਵੇਂ ਵਿਦਿਆਰਥਣਾਂ ਪੜ੍ਹਨ ‘ਚ ਬੇਹੱਦ ਹੁਸ਼ਿਆਰ ਸਨ ਫਿਰ ਵੀ ਲੜਕੀਆਂ ਨੇ ਅਜਿਹਾ ਕਿਉਂ ਕੀਤਾ ਇਸ ਦੀ ਡੂੰਘਾਈ ਨਾਲ ਪੜਤਾਲ ਹੋਣੀ ਚਾਹੀਦੀ ਹੈ ।
ਖਦਸ਼ਾ ਜ਼ਾਹਿਰ ਕਰਦਿਆਂ ਸਤਨਾਮ ਸਿੰਘ ਧਾਲੀਵਾਲ ਨੇ ਆਖਿਆ ਕਿ ਖੁਦਕੁਸ਼ੀਆਂ ਪਿੱਛੇ ਦਿਮਾਗੀ ਪਰੇਸ਼ਾਨੀ ਨਹੀਂ ਕਾਰਨ ਕੁਝ ਹੋਰ ਜਾਪਦੇ ਹਨ । ਉਨ੍ਹਾਂ ਆਖਿਆ ਕਿ ਹੋ ਸਕਦਾ ਹੈ ਇਹ ਖੁਦਕੁਸ਼ੀਆਂ ਨਾ ਹੋ ਕੇ ਮਾਮਲੇ ਕੁਝ ਹੋਰ ਹੀ ਹੋਣ । ਉਧਰ ਇਸ ਮਾਮਲੇ ‘ਚ ਥਾਣਾ ਡੇਹਲੋਂ ਦੇ ਇੰਚਾਰਜ ਸੁਖਦੇਵ ਸਿੰਘ ਬਰਾੜ ਨੇ ਦੱਸਿਆ ਕਿ ਐਨ.ਜੀ.ਓ ਵੱਲੋਂ ਉਨ੍ਹਾਂ ਨੂੰ ਸ਼ਿਕਾਇਤ ਦਿੱਤੀ ਗਈ ਸੀ ।ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਤਫਤੀਸ਼ ਕੀਤੀ । ਪੜਤਾਲ ਦੇ ਦੌਰਾਨ ਇਹ ਸਾਹਮਣੇ ਆਇਆ ਕਿ ਆਰਟਸ ਦੀ ਵਿਦਿਆਰਥਣ ਪੜ੍ਹਾਈ ਦੇ ਬੋਝ ਕਾਰਨ ਬੇਹੱਦ ਪਰੇਸ਼ਾਨ ਸੀ, ਜਿਸ ਦੇ ਚਲਦੇ ਉਸ ਨੇ ਅਜਿਹਾ ਕੀਤਾ।
ਇਹ ਵੀ ਦੇਖੋ—