High Court fined the runaway couple: ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਘਰੋਂ ਭੱਜੇ ਪ੍ਰੇਮੀ ਜੋੜੇ ਨੂੰ 25 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਹੈ। ਉਨ੍ਹਾਂ ’ਤੇ ਆਧਾਰ ਕਾਰਡ ਵਿੱਚ ਲੜਕੀ ਨੂੰ ਵਿਆਹ ਕਰਨ ਦੇ ਯੋਗ ਦਿਖਾਉਣ ਲਈ ਲੜਕੀ ਦੀ ਜਨਮ ਤਰੀਕ ਨਾਲ ਛੇੜਛਾੜ ਕਰਨ ਦਾ ਦੋਸ਼ ਹੈ। ਫਰੀਦਾਬਾਦ ਤੋਂ ਆਏ ਇੱਕ ਜੋੜੇ ਦੁਆਰਾ ਲੜਕੀ ਦੇ ਪਰਿਵਾਰ ਖਿਲਾਫ ਉਨ੍ਹਾਂ ਦੀ ਜ਼ਿੰਦਗੀ ਅਤੇ ਆਜ਼ਾਦੀ ਦੀ ਰਾਖੀ ਲਈ ਦਿੱਤੀ ਪਟੀਸ਼ਨ ਨੂੰ ਖਾਰਿਜ ਕਰਦਿਆਂ ਹਾਈਕੋਰਟ ਨੇ ਇਹ ਹੁਕਮ ਦਿੱਤੇ।
29 ਜਨਵਰੀ, 2021 ਨੂੰ ਉਨ੍ਹਾਂ ਨੇ ਵਿਆਹ ਦੀ ਰਸਮ ਅਦਾ ਕੀਤੀ ਸੀ। ਉਨ੍ਹਾਂ ਨੇ ਪਟੀਸ਼ਨ ਦੇ ਨਾਲ ਉਨ੍ਹਾਂ ਦੀ ਜਨਮ ਤਰੀਕ ਦੇ ਸਬੂਤ ਵਜੋਂ ਉਨ੍ਹਾਂ ਦੇ ਆਧਾਰ ਕਾਰਡ ਦੀਆਂ ਕਾਪੀਆਂ ਵੀ ਜਮ੍ਹਾਂ ਕਰਵਾਈਆਂ ਸਨ। ਲੜਕੀ ਦੇ ਆਧਾਰ ਕਾਰਡ ਦੀ ਕਾਪੀ ਵਿੱਚ ਉਸ ਦੀ ਜਨਮ ਤਰੀਕ 23 ਜਨਵਰੀ 2003 ਦੱਸੀ ਗਈ ਹੈ, ਜਿਸ ਵਿੱਚ ਦਿਖਾਇਆ ਗਿਆ ਹੈ ਕਿ ਵਿਆਹ ਸਮੇਂ ਲੜਕੀ ਬਾਲਗ ਹੋ ਚੁੱਕੀ ਹੈ। ਪਰ ਲੜਕੀ ਦੇ ਆਧਾਰ ਕਾਰਡ ਦੀ ਫੋਟੋ ਕਾੱਪੀ ਵੇਖਣ ‘ਤੇ ਇਹ ਸਪੱਸ਼ਟ ਹੁੰਦਾ ਹੈ ਕਿ ਜਨਮ ਤਰੀਕ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ ਅਤੇ ਜਨਮ ਦਾ ਸਾਲ 2003 ਦੱਸਿਆ ਗਿਆ ਹੈ। ਜਿਸ ਤੋਂ ਸਾਫ ਲੱਗਦਾ ਹ ਕਿ ਟਾਈਪ ਕੀਤੀ ਗਈ ਕਾੱਪੀ ਨੂੰ ਪੇਸ਼ ਕਰਨ ਲਈ ਹੇਰਾਫੇਰੀ ਕੀਤੀ ਗਈ ਹੈ। ਅਦਾਲਤ ਨੂੰ ਕਿਹਾ ਗਿਆ ਸੀ ਕਿ ਕਿ ਦੋਵੇਂ ਪਟੀਸ਼ਨਰ ਬਾਲਗ ਹੋ ਚੁੱਕੇ ਹਨ। ਪਰ ਪਟੀਸ਼ਨਕਰਤਾਵਾਂ ਦੇ ਦਾਅਵਿਆਂ ਦੀ ਪੜਤਾਲ ਕਰਨ ਤੋਂ ਬਾਅਦ ਹਾਈ ਕੋਰਟ ਨੇ ਆਪਣੇ ਆਦੇਸ਼ ਵਿੱਚ ਕਿਹਾ।
ਮਾਮਲੇ ਦੀ ਸੁਣਵਾਈ ਦੌਰਾਨ ਹਰਿਆਣਾ ਸਰਕਾਰ ਦੀ ਕੌਂਸਲ ਨੇ ਸੂਚਿਤ ਕੀਤਾ ਕਿ ਲੜਕੇ ਖਿਲਾਫ ਲੁਕਾ ਕੇ ਨਾਜਾਇਜ਼ ਕੈਦ ਵਿੱਚ ਰਖਣ ਲਈ ਆਈਪੀਸੀ ਦੀ ਧਾਰਾ 346 ਤਹਿਤ ਫਰੀਦਾਬਾਦ ਦੇ ਪੁਲਿਸ ਸਟੇਸ਼ਨ ਡਬੂਆ ਵਿੱਚ ਮਾਮਲ ਵੀ ਦਰਜ ਹੈ। ਪਟੀਸ਼ਨਕਰਤਾਵਾਂ ਦੇ ਚਾਲ-ਚਲਣ ਨੂੰ ਵੇਖਦਿਆਂ ਹਾਈਕੋਰਟ ਨੇ ਰਿੱਟ ਅਧਿਕਾਰ ਖੇਤਰ ਵਿੱਚ ਦਖਲ ਅੰਦਾਜ਼ੀ ਕਰਨ ਨੂੰ ਢੁਕਵਾਂ ਨਾ ਮੰਨਦੇ ਹੋਏ ਪਟੀਸ਼ਨ ਨੂੰ ਖਾਰਿਜ ਕਰਦਿਆਂ 25,000 ਰੁਪਏ ਦਾ ਜੁਰਮਾਨਾ ਲਗਾਇਆ ਅਤੇ ਕਿਸੇ ਵੀ ਤਰ੍ਹਾਂ ਦੀ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ।